View Details << Back    

ਕੈਨੇਡਾ: ਹਸਪਤਾਲ ’ਚ ਇਲਾਜ ਨਾ ਮਿਲਣ ਕਾਰਨ ਫੌਤ ਹੋਏ ਭਾਰਤੀ ਦੇ ਮਾਮਲੇ ਦੀ ਜਾਂਚ ਸ਼ੁਰੂ

  
  
Share
  ਐਡਮੰਟਨ ਦੇ ਗ੍ਰੇ ਨੰਨ ਕਮਿਊਨਿਟੀ ਹਸਪਤਾਲ ’ਚ ਛਾਤੀ ਦੇ ਦਰਦ ਕਾਰਨ ਦਾਖਲ ਹੋਏ ਭਾਰਤੀ ਮੂਲ ਦੇ ਪ੍ਰਸ਼ਾਂਤ ਸ੍ਰੀ ਕੁਮਾਰ (44) ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਹੋਈ ਮੌਤ ਦੇ ਅਸਲ ਕਾਰਨਾਂ ਦੀ ਜਾਂਚ ਲਈ ਸਿਹਤ ਵਿਭਾਗ ਵਲੋਂ ਕਮੇਟੀ ਗਠਿਤ ਕੀਤੀ ਗਈ ਹੈ। ਸਿਹਤ ਮੰਤਰੀ ਮੈਟ ਜੌਹਨ ਨੇ ਦੱਸਿਆ ਕਿ ਅਕਿਊਟ ਕੇਅਰ ਅਲਬਰਟਾ ਅਤੇ ਕੋਵੈਂਟ ਹੈਲਥ, ਜਿੰਨਾਂ ਦੀ ਦੇਖ ਰੇਖ ਹੇਠ ਇਹ ਹਸਪਤਾਲ ਚਲਾਇਆ ਜਾ ਰਿਹਾ ਹੈ, ਵਲੋਂ ਸਾਂਝੇ ਤੌਰ ਤੇ ਵਿਅਕਤੀ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੇ ਪ੍ਰਬੰਧ ਕੀਤੇ ਜਾਣਗੇ ਤਾਂ ਕਿ ਭਵਿੱਖ ਵਿੱਚ ਅਜਿਹਾ ਨਾ ਵਾਪਰੇ। ਪੀੜਤ ਪਰਿਵਾਰ ਦੇ ਨਜਦੀਕੀ ਵਰਿੰਦਰ ਭੁੱਲਰ ਨੇ ਦੱਸਿਆ ਕਿ ਦੁਪਹਿਰ ਵੇਲੇ ਆਪਣੇ ਦਫਤਰ ’ਚ ਕੰਮ ਕਰਦਿਆਂ ਅਚਾਨਕ ਸ੍ਰੀਕੁਮਾਰ ਦੀ ਛਾਤੀ ਵਿੱਚ ਤੇਜ ਦਰਦ ਹੋਇਆ। ਉਸ ਦਾ ਸਹਿਯੋਗੀ ਉਸ ਨੂੰ ਕਾਰ ਰਾਹੀਂ ਹਸਪਤਾਲ ਲੈ ਕੇ ਪੱਜਾ, ਜਿੱਥੇ ਨਰਸਾਂ ਵਲੋਂ ਵਾਰ ਵਾਰ ਉਸ ਦੇ ਖੂਨ ਦਾ ਦਬਾਅ ਚੈਕ ਕੀਤਾ ਜਾਂਦਾ ਰਿਹਾ, ਜੋ ਲਗਾਤਾਰ ਵਧ ਰਿਹਾ ਸੀ। ਪਰ ਕਿਸੇ ਡਾਕਟਰ ਵਲੋਂ ਉਸਦਾ ਇਲਾਜ ਸ਼ੁਰੂ ਨਾ ਕੀਤਾ ਗਿਆ। ਭੁੱਲਰ ਅਨੁਸਾਰ ਐਮਰਜੈਂਸੀ ਕਮਰੇ ਵਿੱਚ ਤੇਜ ਦਰਦ ਕਾਰਣ 8 ਘੰਟੇ ਤੜਫਣ ਤੋਂ ਬਾਅਦ ਸ੍ਰੀ ਕੁਮਾਰ ਦੇ ਦਿਲ ਦੀ ਧੜਕਣ ਬੰਦ ਹੋ ਗਈ। ਉਸ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ, “ਅਕਸਰ ਕਿਹਾ ਜਾਂਦਾ ਇਹ ਰੱਬ ਦੀ ਮਰਜੀ ਸੀ, ਪਰ ਇਸ ਮਾਮਲੇ ਵਿੱਚ ਸਿੱਧੇ ਤੌਰ ‘ਤੇ ਡਾਕਟਰਾਂ ਦੀ ਅਣਗਹਿਲੀ ਕਾਰਣ ਉਸਦਾ ਦੋਸਤ ਮੌਤ ਦੇ ਮੂੰਹ ਪਿਆ ਹੈ।’’ ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਵਲੋਂ ਪੀੜਤ ਪਰਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਹੈ ਕਿ ਮੌਤ ਦੇ ਕਾਰਨਾਂ ਦੀ ਪੂਰੀ ਜਾਂਚ ਹੋਵੇਗੀ। ਜਿਕਰਯੋਗ ਹੈ ਕਿ ਅਕਿਊਟ ਕੇਅਰ ਅਲਬਰਟਾ (Acute Care Alberta) ਵਲੋਂ ਕੁਝ ਮਹੀਨੇ ਪਹਿਲਾਂ ਹੀ ਸੂਬੇ ਦੇ ਸਿਹਤ ਵਿਭਾਗ ਦੀ ਜਿੰਮੇਵਾਰੀ ਸੰਭਾਲੀ ਗਈ ਹੈ। ਮੁੱਖ ਮੈਡੀਕਲ ਅਧਿਕਾਰੀ (Chief Medical Examiner) ਵਲੋਂ ਆਪਣੇ ਤੌਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਵਿਧਾਇਕ ਜਸਵੀਰ ਦਿਉਲ ਨੇ ਘਟਨਾ ਨੂੰ ‘ਭਿਆਂਨਕ ਦੁਖਾਂਤ’ ਕਰਾਰ ਦਿੰਦਿਆਂ ਹੋਏ ਮੁੱਖ ਮੰਤਰੀ ਤੋਂ ਸੂਬਾਈ ਸਿਹਤ ਸੇਵਾਵਾਂ ਵਿੱਚ ਵੱਡੇ ਸੁਧਾਰਾਂ ਦੀ ਮੰਗ ਕੀਤੀ ਹੈ।
  LATEST UPDATES