View Details << Back    

ਅਮਰੀਕਾ ਤੋਂ ਵੀ ਅੱਗੇ ਨਿਕਲਿਆ ਚੀਨ, ਬਣਾਇਆ ਛੇਵੀਂ ਪੀੜ੍ਹੀ ਦਾ ਲੜਾਕੂ ਜਹਾਜ਼! ਭਾਰਤ ਲਈ ਬਣ ਸਕਦੈ ਵੱਡੀ ਚੁਣੌਤੀ

  
  
Share
  ਚੀਨ ਲਗਾਤਾਰ ਆਪਣੀ ਫੌਜੀ ਸ਼ਕਤੀ ਮਜ਼ਬੂਤ ਕਰਨ ’ਚ ਜੁਟਿਆ ਹੈ। ਇਸ ਦੌਰਾਨ ਇੰਟਰਨੈੱਟ ਮੀਡੀਆ ’ਤੇ ਚੀਨ ਦੇ ਨਵੇਂ ਸਟੀਲਥ ਲੜਾਕੂ ਜਹਾਜ਼ ਦਾ ਵੀਡੀਓ ਪ੍ਰਸਾਰਿਤ ਹੋ ਰਿਹਾ ਹੈ। ਇਸ ਨੂੰ ਛੇਵੀਂ ਪੀੜ੍ਹੀ ਦਾ ਫਾਈਟਰ ਜੈੱਟ ਦੱਸਿਆ ਜਾ ਰਿਹਾ ਹੈ। ਇਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਰਵਾਇਤੀ ਰਡਾਰ ਦੀ ਵਰਤੋਂ ਕਰ ਕੇ ਇਸ ਦਾ ਪਤਾ ਲਗਾਉਣਾ ਲਗਪਗ ਅਸੰਭਵ ਹੋਵੇਗਾ। ਇਹ ਜਹਾਜ਼ ਭਾਰਤ ਲਈ ਵੱਡੀ ਚੁਣੌਤੀ ਬਣ ਸਕਦੇ ਹਨ। ਇਸ ਲਈ ਭਾਰਤ ਨੂੰ ਵੀ ਇਸ ਨਾਲ ਨਿਪਟਣ ਲਈ ਜਲਦ ਤੋਂ ਜਲਦ ਤਿਆਰੀ ਸ਼ੁਰੂ ਕਰਨੀ ਹੀ ਹੋਵੇਗੀ। ਭਾਰਤ ਕੋਲ ਹਾਲੇ ਕੋਈ ਸਟੀਲਥ ਫਾਈਟਰ ਜੈੱਟ ਨਹੀਂ ਹੈ। ਮੌਜੂਦਾ ਸਮੇਂ ਰਾਫੇਲ ਸਭ ਤੋਂ ਆਧੁਨਿਕ ਲੜਾਕੂ ਜਹਾਜ਼ ਹੈ। ਇਸ ਨੂੰ 4.5 ਪੀੜ੍ਹੀ ਦਾ ਲੜਾਕੂ ਜਹਾਜ਼ ਦੱਸਿਆ ਜਾਂਦਾ ਹੈ। ਭਾਰਤ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਵਿਕਸਿਤ ਕਰਨ ’ਤੇ ਕੰਮ ਕਰ ਰਿਹਾ ਹੈ। ਸੁਰੱਖਿਆ ’ਤੇ ਕੈਬਨਟ ਕਮੇਟੀ ਨੇ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਐਡਵਾਂਸਡ ਮੀਡੀਆ ਕੰਬੈਟ ਏਅਰਕਰਾਫਟ ਨੂੰ ਡਿਜ਼ਾਈਨ ਅਤੇ ਵਿਕਸਿਤ ਕਰਨ ਲਈ 15 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਸੀ। ਚੀਨ ਨੇ ਅਜਿਹੇ ਸਮੇਂ ’ਚ ਇਸ ਲੜਾਕੂ ਜਹਾਜ਼ ਨੂੰ ਵਿਕਸਿਤ ਕੀਤਾ ਹੈ ਜਦੋਂ ਦੁਨੀਆ ਦੇ ਕਿਸੇ ਦੇਸ਼ ਕੋਲ ਛੇਵੀਂ ਪੀੜ੍ਹੀ ਦਾ ਲੜਾਕੂ ਜਹਾਜ਼ ਨਹੀਂ ਹੈ। ਹਾਲੇ ਇਸ ਨਵੇਂ ਜਹਾਜ਼ ਬਾਰੇ ਬਹੁਤ ਸਾਰੀ ਜਾਣਕਾਰੀ ਗੁਪਤ ਰੱਖੀ ਗਈ ਹੈ। ਰਿਪੋਰਟ ਅਨੁਸਾਰ ਚੀਨ ਦੇ ਛੇਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਦਾ ਨਾਂ ਵ੍ਹਾਈਟ ਇੰਪਰਰ (ਬੈਦੀ) ਦੱਸਿਆ ਜਾ ਰਿਹਾ ਹੈ। ਇਸ ’ਚ ਨਵੀਂ ਅਤਿ-ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਹ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨਾਲ ਲੈਸ ਹੈ। ਇਸ ਨਾਲ ਵੱਡੇ ਪੱਧਰ ’ਤੇ ਡਾਟਾ ਵਿਸ਼ਲੇਸ਼ਣ ’ਚ ਮਦਦ ਮਿਲੇਗੀ। ਇਹ ਜਹਾਜ਼ ਆਵਾਜ਼ ਦੀ ਗਤੀ ਤੋਂ ਤੇਜ਼ ਰਫਤਾਰ ਜਾਂ ਹਾਈਪਰਸੋਨਿਕ ਮਿਜ਼ਾਈਲ ਦਾਗਣ ’ਚ ਸਮਰੱਥ ਹੈ। ਇਸ ’ਚ ਅਗਲੀ ਪੀੜ੍ਹੀ ਦੇ ਐਵਿਯੋਨੋਕਿਸ ਸਿਸਟਮ ਲੱਗਾ ਹੋਇਆ ਹੈ। ਵੈਸੇ ਚੀਨ ਕੋਲ ਕਈ ਸਟੀਲਥ ਲੜਾਕੂ ਜਹਾਜ਼ ਹਨ। ਇਸ ਦੌਰਾਨ ਇਸ ਤਰ੍ਹਾਂ ਦੀ ਵੀ ਖਬਰ ਹੈ ਕਿ ਮਈ ’ਚ ਉਪਗ੍ਰਹਿ ਚਿੱਤਰਾਂ ਤੋਂ ਪਤਾ ਲੱਗਾ ਸੀ ਕਿ ਚੀਨ ਨੇ ਸਿੱਕਮ ’ਚ ਭਾਰਤ ਦੇ ਨਾਲ ਸਰਹੱਦ ਤੋਂ 150 ਕਿਲੋਮੀਟਰ ਤੋਂ ਵੀ ਘੱਟ ਦੂਰੀ ’ਤੇ ਪੰਜਵੀਂ ਪੀੜ੍ਹੀ ਦੇ ਆਪਣੇ ਜੇ-20 ਸਟੀਲਥ ਲੜਾਕੂ ਜੈੱਟ ਨੂੰ ਤਾਇਨਾਤ ਕਰ ਦਿੱਤਾ ਹੈ। ਭਾਰਤ ਫਰਾਂਸ ’ਚ ਬਣੇ 36 ਰਾਫੇਲ ਲੜਾਕੂ ਜਹਾਜ਼ਾਂ ਦੇ ਆਪਣੇ ਬੇੜੇ ਦੇ ਨਾਲ ਜੇ-20 ਦਾ ਮੁਕਾਬਲਾ ਕਰ ਰਿਹਾ ਹੈ।
  LATEST UPDATES