View Details << Back    

'ਦਿੱਲੀ 'ਚ ਝੁੱਗੀਆਂ ਉਜਾੜਨ ਲਈ ਭਾਜਪਾ ਦਿਵਾ ਰਹੀ ਨੋਟਿਸ', ਮਨੀਸ਼ ਸਿਸੋਦੀਆ ਦਾ ਵੱਡਾ ਇਲਜ਼ਾਮ

  
  
Share
  ਪੂਰਬੀ ਦਿੱਲੀ : ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish sisodia) ਨੇ ਐਤਵਾਰ ਨੂੰ ਗਾਂਧੀ ਨਗਰ ਦੀਆਂ ਝੁੱਗੀਆਂ ਦਾ ਦੌਰਾ ਕੀਤਾ। ਝੁੱਗੀਆਂ ਢਾਹੁਣ ਲਈ ਭੇਜੇ ਨੋਟਿਸਾਂ ਸਬੰਧੀ ਉਹ ਕਈ ਪਰਿਵਾਰਾਂ ਨੂੰ ਮਿਲੇ। ਉਨ੍ਹਾਂ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਇਨ੍ਹਾਂ ਝੁੱਗੀਆਂ ਨੂੰ ਕਿਸੇ ਵੀ ਹਾਲਤ ਵਿਚ ਉਜਾੜਨ ਨਹੀਂ ਦੇਵੇਗੀ। ਸਿਸੋਦੀਆ ਨੇ ਦੋਸ਼ ਲਾਇਆ ਕਿ ਭਾਜਪਾ ਝੁੱਗੀਆਂ ਢਾਹੁਣ ਲਈ ਨੋਟਿਸ ਦਿਵਾ ਰਹੀ ਹੈ। ਸਿਸੋਦੀਆ ਨੇ ਕਿਹਾ ਕਿ ਪਰਿਵਾਰ ਇੱਥੇ 80-90 ਸਾਲਾਂ ਤੋਂ ਰਹਿ ਰਹੇ ਹਨ। ਲੋਕ ਇੱਥੇ ਦੋ-ਤਿੰਨ ਪੀੜ੍ਹੀਆਂ ਗੁਜ਼ਾਰ ਚੁੱਕੇ ਹਨ। ਕਈ ਬੱਚੇ ਕਹਿ ਰਹੇ ਹਨ ਕਿ ਇਹ ਤੁਹਾਡੇ ਸਕੂਲਾਂ ਵਿੱਚ ਪੜ੍ਹਦੇ ਹਨ, ਹੁਣ ਅਸੀਂ ਕਿਵੇਂ ਪੜ੍ਹਾਂਗੇ? ਉਨ੍ਹਾਂ ਕਿਹਾ ਕਿ ਭਾਜਪਾ ਨੇ ਇਨ੍ਹਾਂ ਝੁੱਗੀ-ਝੌਂਪੜੀ ਵਾਲਿਆਂ ਨੂੰ 15 ਦਿਨਾਂ ਅੰਦਰ ਇਲਾਕਾ ਖ਼ਾਲੀ ਕਰਨ ਦਾ ਨੋਟਿਸ ਦਿੱਤਾ ਹੈ। ਭਾਜਪਾ ਇਹ ਨਹੀਂ ਸੋਚਦੀ ਕਿ ਇਹ ਗ਼ਰੀਬ ਲੋਕ ਕਿੱਥੇ ਜਾਣਗੇ। ਭਾਜਪਾ ਆਗੂਆਂ ਵਿਚ ਇਨਸਾਨੀਅਤ ਨਹੀਂ ਬਚੀ। ਭਾਜਪਾ ਇਸ ਤਰ੍ਹਾਂ ਝੁੱਗੀਆਂ-ਝੌਂਪੜੀਆਂ ਨੂੰ ਉਜਾੜ ਕੇ ਅਤੇ ਗਰੀਬਾਂ ਨਾਲ ਦੁਰਵਿਹਾਰ ਕਰ ਕੇ ਬਚ ਨਹੀਂ ਸਕਦੀ। ਅਰਵਿੰਦ ਕੇਜਰੀਵਾਲ (Arvind Kejriwal) ਇਨ੍ਹਾਂ ਝੁੱਗੀ-ਝੌਂਪੜੀ ਵਾਲਿਆਂ ਦੇ ਨਾਲ ਖੜ੍ਹੇ ਹਨ। ਇਨ੍ਹਾਂ ਝੁੱਗੀਆਂ ਨੂੰ ਢਾਹੁਣ ਨਹੀਂ ਦਿੱਤਾ ਜਾਵੇਗਾ, ਇਹ ਕੇਜਰੀਵਾਲ ਦਾ ਵਾਅਦਾ ਹੈ। ਸਿਸੋਦੀਆ ਝੁੱਗੀਆਂ ਬਾਰੇ ਗੁੰਮਰਾਹਕੁਨ ਬਿਆਨ ਦੇ ਰਹੇ - ਭਾਜਪਾ ਭਾਜਪਾ (BJP) ਨੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ 'ਤੇ ਗਾਂਧੀ ਨਗਰ ਦੀਆਂ ਝੁੱਗੀਆਂ ਬਾਰੇ ਗੁੰਮਰਾਹਕੁਨ ਸਿਆਸੀ ਬਿਆਨਬਾਜ਼ੀ ਕਰਨ ਦਾ ਦੋਸ਼ ਲਾਇਆ ਹੈ। ਕੇਂਦਰੀ ਰਾਜ ਮੰਤਰੀ ਅਤੇ ਪੂਰਬੀ ਦਿੱਲੀ ਦੇ ਸੰਸਦ ਮੈਂਬਰ ਹਰਸ਼ ਮਲਹੋਤਰਾ, ਸਾਬਕਾ ਮੰਤਰੀ ਅਰਵਿੰਦਰ ਸਿੰਘ ਲਵਲੀ ਅਤੇ ਖੇਤਰੀ ਵਿਧਾਇਕ ਅਨਿਲ ਬਾਜਪਾਈ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਗਾਂਧੀਨਗਰ ਵਿਚ ਝੁੱਗੀਆਂ ਨੂੰ ਖ਼ਾਲੀ ਕਰਵਾਉਣ ਦੇ ਹੁਕਮਾਂ ਲਈ ਦਿੱਲੀ ਸਰਕਾਰ ਦੀ ਲਾਪਰਵਾਹੀ ਜ਼ਿੰਮੇਵਾਰ ਹੈ। ਤਿੰਨਾਂ ਨੇ ਬਿਆਨ ਵਿਚ ਕਿਹਾ ਕਿ ਦਿੱਲੀ ਵਿਚ ਪ੍ਰਸ਼ਾਸਕੀ ਵਿਵਸਥਾ ਹੈ ਕਿ 20 ਸਾਲ ਤੋਂ ਵੱਧ ਪੁਰਾਣੀ ਝੁੱਗੀ ਨੂੰ ਖਾਲੀ ਕਰਨ ਦਾ ਨੋਟਿਸ ਦਿੱਲੀ ਸਰਕਾਰ ਦੇ ਦਿੱਲੀ ਅਰਬਨ ਸ਼ੈਲਟਰ ਇੰਪਰੂਵਮੈਂਟ ਬੋਰਡ (ਡੀਯੂਸੀਆਈਬੀ) ਦੀ ਅਗਾਊਂ ਪ੍ਰਵਾਨਗੀ ਤੋਂ ਬਿਨਾਂ ਨਹੀਂ ਦਿੱਤਾ ਜਾ ਸਕਦਾ। ਛੇ ਦਹਾਕਿਆਂ ਤੋਂ ਵੱਧ ਪੁਰਾਣੀਆਂ ਹਨ ਗਾਂਧੀ ਨਗਰ ਦੀਆਂ ਝੁੱਗੀਆਂ ਭਾਜਪਾ ਆਗੂਆਂ ਨੇ ਕਿਹਾ ਕਿ ਗਾਂਧੀ ਨਗਰ ਦੀਆਂ ਇਹ ਝੁੱਗੀਆਂ ਛੇ ਦਹਾਕਿਆਂ ਤੋਂ ਵੱਧ ਪੁਰਾਣੀਆਂ ਹਨ। ਇਹ ਸੰਭਵ ਨਹੀਂ ਹੈ ਕਿ ਜ਼ਮੀਨ ਦੀ ਮਾਲਕੀ ਵਾਲੀ ਏਜੰਸੀ ਨੇ DUSIB ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਗਾਂਧੀ ਨਗਰ ਝੁੱਗੀ ਵਿਚ ਨੋਟਿਸ ਜਾਰੀ ਕੀਤਾ ਹੋਵੇ। ਚੰਗਾ ਹੋਵੇਗਾ ਜੇ ਮਨੀਸ਼ ਸਿਸੋਦੀਆ ਗੁੰਮਰਾਹਕੁਨ ਬਿਆਨ ਦੇਣ ਦੀ ਬਜਾਏ ਗਾਂਧੀ ਨਗਰ ਝੁੱਗੀ ਵਾਲਿਆਂ ਨੂੰ ਦੱਸਣ ਕਿ DUSIB ਨੇ ਸਬੰਧਤ ਜ਼ਮੀਨ ਦੀ ਮਾਲਕੀ ਵਾਲੀ ਏਜੰਸੀ ਨੂੰ ਝੁੱਗੀ ਢਾਹੁਣ ਦੀ ਇਜਾਜ਼ਤ ਕਿਉਂ ਦਿੱਤੀ? ਜੇ ਇਹ ਨੋਟਿਸ DUSIB ਦੀ ਇਜਾਜ਼ਤ ਤੋਂ ਬਿਨਾਂ ਆਏ ਹਨ ਤਾਂ ਇਸ ਦਾ ਮਤਲਬ ਹੈ ਕਿ DUSIB ਅਤੇ ਸਬੰਧਤ ਮੰਤਰੀ ਪੂਰੀ ਤਰ੍ਹਾਂ ਜ਼ਮੀਨ ਤੋਂ ਕੱਟੇ ਹੋਏ ਹਨ। ਜੇ ਦਿੱਲੀ ਸਰਕਾਰ ਇਨ੍ਹਾਂ ਝੁੱਗੀਆਂ ਨੂੰ ਬਚਾਉਣਾ ਚਾਹੁੰਦੀ ਹੈ ਤਾਂ DUSIB ਮੰਤਰੀ ਮੀਟਿੰਗ ਬੁਲਾਵੇ, ਭਾਜਪਾ ਪੂਰਾ ਸਹਿਯੋਗ ਦੇਵੇਗੀ।
  LATEST UPDATES