View Details << Back    

ਪੰਜਾਬ ਸਰਕਾਰ ਦੀ ਵੱਡੀ ਕਾਰਵਾਈ : ਭ੍ਰਿਸ਼ਟਾਚਾਰ ’ਚ ਫਸੇ ਤੇ ਲੰਬਾ ਸਮਾਂ ਡਿਊਟੀ ਤੋਂ ਗ਼ੈਰ-ਹਾਜ਼ਰ ਚੱਲ ਰਹੇ ਦੋ ਜੰਗਲਾਤ ਅਧਿਕਾਰੀ ਮੁਅੱਤਲ

  
  
Share
  ਚੰਡੀਗਡ਼੍ਹ : ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣੇ ਕਰ ਰਹੇ ਤੇ ਲੰਬੇ ਸਮੇਂ ਤੋਂ ਡਿਊਟੀ ਤੋਂ ਗ਼ੈਰ ਹਾਜ਼ਰ ਚੱਲ ਰਹੇ ਜੰਗਲਾਤ ਵਿਭਾਗ ਦੇ ਦੋ ਆਈਐੱਫਐੱਸ ਅਧਿਕਾਰੀਆਂ ਨੂੰ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ। ਦੋਵੇਂ ਅਧਿਕਾਰੀ ਵਿਜੀਲੈਂਸ ਦੀ ਗ੍ਰਿਫ਼ਤਾਰੀ ਤੋਂ ਬਚਣ ਲਈ ਫ਼ਰਾਰ ਦੱਸੇ ਜਾ ਰਹੇ ਹਨ। ਵਿਭਾਗ ਨੇ ਇਨ੍ਹਾਂ ਖ਼ਿਲਾਫ਼ ਵਿਭਾਗੀ ਤੇ ਕਾਨੂੰਨੀ ਕਾਰਵਾਈ ਲਈ ਵਿਜੀਲੈਂਸ ਬਿਊਰੋ ਤੋਂ ਦਸਤਾਵੇਜ਼ ਮੰਗੇ ਹਨ। ਵਿਜੀਲੈਂਸ ਨੇ 6 ਜੂਨ ਨੂੰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਜ਼ਿਲ੍ਹਾ ਜੰਗਾਲਤ ਅਧਿਕਾਰੀ ਅਮਿਤ ਚੌਹਾਨ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਸੀ। ਪੁਲਿਸ ਨੇ ਸਾਧੂ ਸਿੰਘ ਧਰਸਮੋਤ ਸਮੇਤ ਹੋਰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਪਰ ਅਮਿਤ ਚੌਹਾਨ ਪੁਲਿਸ ਦੇ ਹੱਥ ਨਹੀਂ ਆਇਆ। ਇਸੇ ਤਰ੍ਹਾਂ ਜੰਗਲਾਤ ਵਿਭਾਗ ਦੇ ਚੀਫ ਕੰਜ਼ਰਵੇਟਰ ਅਮਿਤ ਮਿਸ਼ਰਾ ਨੇ ਜੰਗਲਾਤ ਵਿਕਾਸ ਨਿਗਮ ’ਚ ਤਾਇਨਾਤੀ ਦੌਰਾਨ ਜੰਗਲਾਂ ਦੇ ਵਿਕਾਸ ਲਈ ਖ਼ਰੀਦੀ ਜ਼ਮੀਨ ਦੀ ਮਹਿੰਗੀ ਕੀਮਤ ਦਿਖਾ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ। ਵਿਜੀਲੈਂਸ ਨੇ ਜਾਂਚ ਦੌਰਾਨ ਸਬੰਧਤ ਅਧਿਕਾਰੀ ਨੂੰ ਸੰਮਨ ਜਾਰੀ ਕੀਤਾ, ਪਰ ਉਹ ਜਾਂਚ ਵਿਚ ਸ਼ਾਮਲ ਹੋਣ ਦੀ ਬਜਾਏ ਫ਼ਰਾਰ ਹੋ ਗਿਆ। ਲਗਾਤਾਰ ਡਿਊਟੀ ’ਤੇ ਗ਼ੈਰ-ਹਾਜ਼ਰ ਰਹਿਣ ਕਾਰਨ ਉਸ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਵਧੀਕ ਪ੍ਰਮੁੱਖ ਸਕੱਤਰ ਰਾਜੀ ਪੀ ਸ਼੍ਰੀਵਾਸਤਵ ਨੇ ਦੋਵਾਂ ਅਧਿਕਾਰੀਆਂ ਨੂੰ ਮੁਅਤਲ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਨੇ ਜੰਗਲਾਤ ਵਿਭਾਗ ਦੇ ਦੋ ਸਾਬਕਾ ਮੰਤਰੀਆਂ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ ਤੇ ਕੁੱਝ ਅਫ਼ਸਰਾਂ ਵਿਰੁੱਧ ਖੈਰ ਦੇ ਦਰੱਖਤਾਂ ਦੀ ਕਟਾਈ ਲਈ ਗ਼ਲਤ ਪਰਮਿਟ ਜਾਰੀ ਕਰਨ, ਰਿਸ਼ਵਤ ਲੈ ਕੇ ਅਫ਼ਸਰਾਂ ਦੇ ਤਬਾਦਲੇ, ਤੇ ਵੱਖ-ਵੱਖ ਪ੍ਰਾਜੈਕਟਾਂ ਨੂੰ ਐੱਨਓਸੀ ਜਾਰੀ ਕਰਨ ਦੇ ਦੋਸ਼ਾਂ ਤਹਿਤ ਦੋ ਕੇਸ ਦਰਜ ਕੀਤੇ ਸਨ।
  LATEST UPDATES