View Details << Back

ਸ਼੍ਰੀਲੰਕਾ ਦੇ ਸ਼ੇਅਰ ਬਾਜ਼ਾਰ ’ਚ ਅਗਲੇ ਇਕ ਹਫਤੇ ਤੱਕ ਬੰਦ ਰਹੇਗਾ ਕਾਰੋਬਾਰ

  ਡੂੰਘੇ ਵਿੱਤੀ ਅਤੇ ਸਿਆਸੀ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਦੇ ਸ਼ੇਅਰ ਬਾਜ਼ਾਰ ਕੋਲੰਬੋ ਸਟਾਕ ਐਕਸਚੇਂਜ ’ਚ ਕਾਰੋਬਾਰ ਇਕ ਹਫਤੇ ਤੱਕ ਬੰਦ ਰਹੇਗਾ। ਸ਼੍ਰੀਲੰਕਾ ਸਕਿਓਰਿਟੀ ਅਤੇ ਐਕਸਚੇਂਜ ਕਮਿਸ਼ਨ (ਐੱਸ. ਈ. ਸੀ.) ਨੇ ਇਕ ਪ੍ਰੈੱਸ ਨੋਟ ’ਚ ਇਸ ਦਾ ਐਲਾਨ ਕੀਤਾ। ਉਸ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਬਾਜ਼ਾਰ ਬਾਰੇ ਵਧੇਰੇ ਸਪੱਸ਼ਟਤਾ ਅਤੇ ਸਮਝ ਪੈਦਾ ਕਰਨ ਲਈ ਮੌਕਾ ਦੇਣ ਦੇ ਇਰਾਦੇ ਨਾਲ ਕੋਲੰਬੋ ਸਟਾਕ ਐਕਸਚੇਂਜ ’ਚ ਆਉਂਦੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕਾਰੋਬਾਰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਐਲਾਨ ਦਾ ਮਤਲਬ ਹੈ ਕਿ 18 ਅਪ੍ਰੈਲ ਤੋਂ ਸ਼ੁਰੂ ਹੋ ਕੇ 22 ਅਪ੍ਰੈਲ ਤੱਕ ਕੋਲੰਬੋ ਸ਼ੇਅਰ ਬਾਜ਼ਾਰ ’ਚ ਕਾਰੋਬਾਰ ਅਸਥਾਈ ਤੌਰ ’ਤੇ ਬੰਦ ਰਹੇਗਾ। ਕੋਲੰਬੋ ਸਟਾਕ ਐਕਸਚੇਂਜ ਦੇ ਬੋਰਡ ਆਫ ਡਾਇਰੈਕਟਰਜ਼ ਨੇ ਇਕ ਦਿਨ ਪਹਿਲਾਂ ਐੱਸ. ਈ. ਸੀ. ਨੂੰ ਕਾਰੋਬਾਰ ਨੂੰ ਅਸਥਾਈ ਤੌਰ ’ਤੇ ਬੰਦ ਕਰਨ ਦੀ ਅਪੀਲ ਕੀਤੀ ਸੀ। ਇਸ ਲਈ ਸ਼੍ਰੀਲੰਕਾ ਦੇ ਮੌਜੂਦਾ ਹਾਲਾਤਾਂ ਦਾ ਹਵਾਲਾ ਦਿੱਤਾ ਗਿਆ ਸੀ। ਐੱਸ. ਈ. ਸੀ. ਨੇ ਇਹ ਫੈਸਲਾ ਪਿਛਲੇ ਕੁੱਝ ਹਫਤਿਆਂ ਤੋਂ ਸ਼੍ਰੀਲੰਕਾ ’ਚ ਜਾਰੀ ਭਾਰੀ ਆਰਥਿਕ ਸੰਕਟ ਅਤੇ ਫਿਰ ਉਸ ਤੋਂ ਬਾਅਦ ਪੈਦਾ ਹੋਈ ਸਿਆਸੀ ਅਸਥਿਰਤਾ ਨੂੰ ਦੇਖਦੇ ਹੋਏ ਉਠਾਇਆ ਹੈ। ਸ਼੍ਰੀਲੰਕਾ ਕੋਲ ਈਂਧਨ ਅਤੇ ਰੋਜ਼ਾਨਾ ਦੀ ਵਰਤੋਂ ਵਾਲਾ ਸਾਮਾਨ ਖਰੀਦਣ ਲਈ ਵੀ ਜ਼ਰੂਰੀ ਵਿਦੇਸ਼ੀ ਮੁਦਰਾ ਦੀ ਭਾਰੀ ਕਮੀ ਹੋ ਚੁੱਕੀ ਹੈ। ਹਾਲਤ ਇਹ ਹੋ ਗਈ ਹੈ ਕਿ ਸ਼੍ਰੀਲੰਕਾ ਸਰਕਾਰ ਨੇ ਵਿਦੇਸ਼ੀ ਕਰਜ਼ੇ ਦੇ ਭੁਗਤਾਨ ਨੂੰ ਰੱਦ ਕਰ ਦਿੱਤਾ ਹੈ। ਆਰਥਿਕ ਸੰਕਟ ਡੂੰਘਾ ਹੋਣ ਕਾਰਨ ਦੇਸ਼ ਭਰ ’ਚ ਸਰਕਾਰ ਵਿਰੋਧੀ ਪ੍ਰਦਰਸ਼ਨ ਵੀ ਤੇਜ਼ ਹੋ ਗਏ ਹਨ। ਪ੍ਰਦਰਸ਼ਨਕਾਰੀ ਰਾਸ਼ਟਰਪਤੀ ਗੋਟਬਯਾ ਰਾਜਪਕਸ਼ੇ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ।
  ਖਾਸ ਖਬਰਾਂ