View Details << Back

UNSC Candidacy: ਭਾਰਤ ਦੀ ਨਿਯਮ ਆਧਾਰਿਤ ਸਮੁੰਦਰੀ ਸੁਰੱਖਿਆ ਨੂੰ ਪਹਿਲ: ਜੈਸ਼ੰਕਰ

  ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂ ਐੱਨ ਐੱਸ ਸੀ) ਦੇ 2028-29 ਦੇ ਕਾਰਜਕਾਲ ਲਈ ਅਸਥਾਈ ਮੈਂਬਰਸ਼ਿਪ ਵਾਸਤੇ ਆਪਣੀ ਅਧਿਕਾਰਤ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ’ਚ ਇਸ ਦਾ ਆਗ਼ਾਜ਼ ਕੀਤਾ।

ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਸੁਰੱਖਿਆ ਪਰਿਸ਼ਦ ਵਿੱਚ ਖੁੱਲ੍ਹੇ, ਨਿਰਪੱਖ ਅਤੇ ਨਿਯਮਾਂ ਆਧਾਰਿਤ ਸਮੁੰਦਰੀ ਸੁਰੱਖਿਆ, ਮਲਾਹਾਂ ਦੀ ਰਾਖੀ ਅਤੇ ਅਤਿਵਾਦ ਦੀ ਫੰਡਿੰਗ ਰੋਕਣ ਵਰਗੇ ਅਹਿਮ ਮੁੱਦਿਆਂ ਨੂੰ ਪਹਿਲ ਦੇਵੇਗਾ। ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਅਤੇ ਵਪਾਰਕ ਜਹਾਜ਼ਾਂ ’ਤੇ ਹਮਲਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਮੁੰਦਰੀ ਵਪਾਰ ਸੁਰੱਖਿਅਤ ਰੱਖਣ ਲਈ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ ਜ਼ਰੂਰੀ ਹੈ। ਉਨ੍ਹਾਂ ਅਤਿਵਾਦ ਦੇ ਖ਼ਾਤਮੇ ਲਈ ਉਸ ਦੇ ਵਿੱਤੀ ਸਰੋਤ ਬੰਦ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਭਾਰਤ ਦੀ ਪਹੁੰਚ ‘ਸ਼ਾਂਤੀ’ ਦੇ ਸਿਧਾਂਤ ’ਤੇ ਆਧਾਰਿਤ ਹੈ, ਜਿਸ ਤਹਿਤ ਗਲੋਬਲ ਸਾਊਥ ਦੀ ਆਵਾਜ਼ ਬਣਨਾ ਅਤੇ ਮਸਨੂਈ ਬੌਧਿਕਤਾ (ਏ ਆਈ) ਦੇ ਖ਼ਤਰਿਆਂ ਨਾਲ ਨਜਿੱਠਣਾ ਮੁੱਖ ਤਰਜੀਹਾਂ ਹਨ।

ਜ਼ਿਕਰਯੋਗ ਹੈ ਕਿ ਭਾਰਤ ਹੁਣ ਤੱਕ ਅੱਠ ਵਾਰ ਸੁਰੱਖਿਆ ਪਰਿਸ਼ਦ ਦਾ ਅਸਥਾਈ ਮੈਂਬਰ ਰਹਿ ਚੁੱਕਿਆ ਹੈ। ਅਗਲੇ ਸਾਲ ਜੂਨ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਏਸ਼ੀਆ ਪ੍ਰਸ਼ਾਂਤ ਖੇਤਰ ਦੀ ਇਕਲੌਤੀ ਸੀਟ ਲਈ ਭਾਰਤ ਦਾ ਮੁਕਾਬਲਾ ਤਾਜਿਕਿਸਤਾਨ ਨਾਲ ਹੋਵੇਗਾ।
  ਖਾਸ ਖਬਰਾਂ