View Details << Back

H-1B Visa: ਐੱਚ1ਬੀ ਵੀਜ਼ੇ ਤਹਿਤ ਉਜਰਤ 30 ਫ਼ੀਸਦੀ ਵਧਾਉਣ ਦੀ ਪੇਸ਼ਕਸ਼

  ਅਮਰੀਕਾ ਨੇ ਐੱਚ1ਬੀ ਵੀਜ਼ਾ ਪ੍ਰੋਗਰਾਮ ਤਹਿਤ ਵਰਕਰਾਂ ਨੂੰ ਰੱਖਣ ਲਈ ਤੈਅ ਘਟੋ-ਘੱਟ ਉਜਰਤਾਂ ਵਿੱਚ 30 ਫ਼ੀਸਦੀ ਵਾਧੇ ਦੀ ਤਜਵੀਜ਼ ਦਿੱਤੀ ਹੈ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਹ ਕਦਮ ਵਿਦੇਸ਼ੀਆਂ ਵੱਲੋਂ ਅਮਰੀਕੀ ਨਾਗਰਿਕਾਂ ਦੀਆਂ ਉਜਰਤਾਂ ਘਟਾਉਣ ਤੋਂ ਰੋਕਣ ਵਿੱਚ ਸਹਾਈ ਹੋਵੇਗਾ। ਅਮਰੀਕੀ ਕਿਰਤ ਵਿਭਾਗ ਵੱਲੋਂ 27 ਮਾਰਚ ਨੂੰ ਪੇਸ਼ ਕੀਤੇ ਗਏ ਨਵੇਂ ਨੇਮ ਤਹਿਤ ਐਂਟਰੀ-ਲੈਵਲ ਤੋਂ ਲੈ ਕੇ ਸਭ ਤੋਂ ਤਜਰਬੇਕਾਰ ਤੱਕ ਦੀਆਂ ਚਾਰ ਸ਼੍ਰੇਣੀਆਂ ਲਈ ਘਟੋ-ਘੱਟ ਉਜਰਤਾਂ ਵਧਾਈਆਂ ਜਾਣਗੀਆਂ।

ਵਿਭਾਗ ਦਾ ਤਰਕ ਹੈ ਕਿ ਮੌਜੂਦਾ ਉਜਰਤਾਂ 20 ਸਾਲ ਪਹਿਲਾਂ ਤੈਅ ਕੀਤੀਆਂ ਗਈਆਂ ਸਨ ਅਤੇ ਉਹ ਅਮਰੀਕੀ ਵਰਕਰਾਂ ਦੀ ਸਹੀ ਢੰਗ ਨਾਲ ਸੁਰੱਖਿਆ ਕਰਨ ਵਿੱਚ ਨਾਕਾਮ ਰਹੀਆਂ ਹਨ। ‘ਅਮਰੀਕਾ ਵਿੱਚ ਕੁਝ ਵਿਦੇਸ਼ੀ ਨਾਗਰਿਕਾਂ ਦੇ ਅਸਥਾਈ ਅਤੇ ਸਥਾਈ ਰੁਜ਼ਗਾਰ ਲਈ ਉਜਰਤ ਸੁਰੱਖਿਆ ਵਿੱਚ ਸੁਧਾਰ’ ਸਿਰਲੇਖ ਵਾਲੇ ਤਜਵੀਜ਼ਤ ਨੇਮ ਮੁਤਾਬਕ ਐਂਟਰੀ ਲੈਵਲ ਦੇ ਵਿਦੇਸ਼ੀ ਵਰਕਰਾਂ ਦੀ ਉਜਰਤ ਵਧਾ ਕੇ 97,746 ਡਾਲਰ ਸਾਲਾਨਾ, ਲੈਵਲ ਦੋ ਲਈ 123,212 ਡਾਲਰ, ਲੈਵਲ ਤਿੰਨ ਲਈ 147,333 ਡਾਲਰ ਅਤੇ ਲੈਵਲ ਚਾਰ ਲਈ 175,464 ਡਾਲਰ ਤੈਅ ਕਰਨ ਦੀ ਪੇਸ਼ਕਸ਼ ਹੈ। ਪ੍ਰਸਤਾਵਿਤ ਉਜਰਤਾਂ ਸ਼ਹਿਰ-ਦਰ-ਸ਼ਹਿਰ ਵੱਖਰੀਆਂ ਹੋ ਸਕਦੀਆਂ ਹਨ। ਨਵੇਂ ਨੇਮਾਂ ਵਾਸਤੇ 26 ਮਈ ਤੱਕ ਜਨਤਕ ਟਿੱਪਣੀਆਂ ਮੰਗੀਆਂ ਗਈਆਂ ਹਨ। ਕਿਰਤ ਵਿਭਾਗ ਅਨੁਸਾਰ ਮੌਜੂਦਾ ਢੰਗ-ਤਰੀਕੇ ਕਾਰਨ ਰੁਜ਼ਗਾਰਦਾਤੇ ਵਿਦੇਸ਼ੀਆਂ ਨੂੰ ਅਮਰੀਕੀ ਮੁਲਾਜ਼ਮਾਂ ਦੇ ਮੁਕਾਬਲੇ ’ਚ ਕਾਫ਼ੀ ਘੱਟ ਉਜਰਤਾਂ ’ਤੇ ਨੌਕਰੀ ਉਪਰ ਰੱਖ ਲੈਂਦੇ ਹਨ।
  ਖਾਸ ਖਬਰਾਂ