View Details << Back

US-Iran-Israel War: ਇਰਾਨ ਨੇ ਯੂਰਪੀ ਸੰਘ ਦੀ ‘ਮੁਫ਼ਤ ਲਾਂਘੇ’ ਵਾਲੀ ਦਲੀਲ ਨੂੰ ਨਕਾਰਿਆ

  US-Iran-Israel War: ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਰਣਨੀਤਕ ਤੌਰ ’ਤੇ ਮਹੱਤਵਪੂਰਨ ਹੋਰਮੁਜ਼ ਜਲਡਮਰੂ (Strait of Hormuz) ਵਿੱਚ ਆਵਾਜਾਈ ਦੇ ਨਿਯਮਾਂ ਨੂੰ ਲੈ ਕੇ ਯੂਰਪੀ ਸੰਘ (EU) ਦੇ ਸਟੈਂਡ ਦੀ ਸਖ਼ਤ ਨਿਖੇਧੀ ਕੀਤੀ ਹੈ। ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਯੂਰਪੀ ਸੰਘ ’ਤੇ ‘ਦੋਹਰੇ ਮਾਪਦੰਡ’ ਅਤੇ ‘ਪਾਖੰਡ’ ਦਾ ਦੋਸ਼ ਲਾਉਂਦਿਆਂ ਕਿਹਾ ਕਿ ‘ਬਿਨਾਂ ਸ਼ਰਤ ਲਾਂਘੇ’ ਦੀ ਗੱਲ ਹੁਣ ਸਿਰਫ਼ ਇੱਕ ਕਹਾਣੀ ਬਣ ਕੇ ਰਹਿ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਮਰੀਕਾ ਅਤੇ ਇਜ਼ਰਾਈਲ ਦੀਆਂ ਹਮਲਾਵਰ ਕਾਰਵਾਈਆਂ ਨੇ ਖੇਤਰ ਦੇ ਸੁਰੱਖਿਆ ਸਮੀਕਰਨ ਬਦਲ ਦਿੱਤੇ ਹਨ।

ਯੂਰਪੀ ਸੰਘ ਦੀ ਵਿਦੇਸ਼ ਨੀਤੀ ਦੀ ਮੁਖੀ ਕਾਜਾ ਕਾਲਾਸ ਦੇ ਬਿਆਨਾਂ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਬਘਾਈ ਨੇ ਕਿਹਾ ਕਿ ਯੂਰਪ ਸਿਰਫ਼ ਦੂਜਿਆਂ ਨੂੰ ਉਪਦੇਸ਼ ਦੇਣ ਲਈ ਕੌਮਾਂਤਰੀ ਕਾਨੂੰਨਾਂ ਦੀ ਵਰਤੋਂ ਕਰਦਾ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਅਮਰੀਕਾ ਅਤੇ ਇਜ਼ਰਾਈਲ ਇਰਾਨ ਵਿਰੁੱਧ ਹਮਲਾਵਰ ਰੁਖ਼ ਅਖ਼ਤਿਆਰ ਕਰਦੇ ਹਨ ਅਤੇ ਇਰਾਨੀਆਂ ਵਿਰੁੱਧ ਅੱਤਿਆਚਾਰ ਹੁੰਦੇ ਹਨ, ਤਾਂ ਯੂਰਪ ਚੁੱਪ ਰਹਿ ਕੇ ਇਨ੍ਹਾਂ ਕਾਰਵਾਈਆਂ ਨੂੰ ਹਰੀ ਝੰਡੀ ਕਿਉਂ ਦਿੰਦਾ ਹੈ। ਬਘਾਈ ਨੇ ਕਿਹਾ ਕਿ ਯੂਰਪੀ ਸੰਘ ਦੀ ਆਪਣੇ ਕਹੇ ’ਤੇ ਅਮਲ ਕਰਨ ਵਿੱਚ ਨਾਕਾਮਯਾਬੀ ਨੇ ਕੌਮਾਂਤਰੀ ਕਾਨੂੰਨਾਂ ਦੀ ਗੱਲ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ।
  ਖਾਸ ਖਬਰਾਂ