View Details << Back

ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਹਵਾਈ ਖੇਤਰ ਦੀ ਪਾਬੰਦੀ ਇੱਕ ਮਹੀਨੇ ਲਈ ਹੋਰ ਵਧਾਈ

  ਪਾਕਿਸਤਾਨ ਨੇ ਬੁੱਧਵਾਰ ਨੂੰ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ (Airspace) ’ਤੇ ਲਗਾਈ ਗਈ ਪਾਬੰਦੀ ਨੂੰ ਇੱਕ ਮਹੀਨੇ ਲਈ ਵਧਾ ਕੇ 23 ਜਨਵਰੀ ਤੱਕ ਕਰ ਦਿੱਤਾ ਹੈ।

ਪਾਕਿਸਤਾਨ ਨੇ ਅਪਰੈਲ ਵਿੱਚ ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਜਵਾਬੀ ਕਾਰਵਾਈ ਵਜੋਂ ਭਾਰਤ ਨੇ ਵੀ ਪਾਕਿਸਤਾਨੀ ਜਹਾਜ਼ਾਂ ’ਤੇ ਅਜਿਹੀ ਹੀ ਪਾਬੰਦੀ ਲਗਾਈ ਹੋਈ ਹੈ।

ਪਹਿਲਾਂ ਲਗਾਈ ਗਈ ਪਾਬੰਦੀ 24 ਦਸੰਬਰ ਨੂੰ ਖਤਮ ਹੋਣੀ ਸੀ, ਪਰ ਪਾਕਿਸਤਾਨ ਏਅਰਪੋਰਟ ਅਥਾਰਟੀ (PAA) ਨੇ ਬੁੱਧਵਾਰ ਨੂੰ ਇਸ ਨੂੰ 23 ਜਨਵਰੀ, 2026 ਤੱਕ ਵਧਾਉਣ ਦਾ ਐਲਾਨ ਕੀਤਾ।

ਪਾਕਿਸਤਾਨੀ ਹਵਾਈ ਖੇਤਰ ਭਾਰਤ ਵਿੱਚ ਰਜਿਸਟਰਡ ਸਾਰੇ ਜਹਾਜ਼ਾਂ ਲਈ ਬੰਦ ਰਹੇਗਾ। ਇਸ ਵਿੱਚ ਭਾਰਤੀ ਏਅਰਲਾਈਨਾਂ ਦੇ ਮਾਲਕੀ ਵਾਲੇ, ਸੰਚਾਲਿਤ ਜਾਂ ਲੀਜ਼ ’ਤੇ ਲਏ ਜਹਾਜ਼ਾਂ ਦੇ ਨਾਲ-ਨਾਲ ਭਾਰਤੀ ਫੌਜੀ ਉਡਾਣਾਂ ਵੀ ਸ਼ਾਮਲ ਹਨ।

ਹਵਾਬਾਜ਼ੀ ਨੋਟਿਸ (NOTAM) ਅਨੁਸਾਰ, ਇਹ ਪਾਬੰਦੀ ਪਾਕਿਸਤਾਨ ਦੇ ਦੋਵੇਂ ਫਲਾਈਟ ਇਨਫਰਮੇਸ਼ਨ ਖੇਤਰਾਂ (FIRs) ਕਰਾਚੀ (OPKR) ਅਤੇ ਲਾਹੌਰ (OPLR) ’ਤੇ ਲਾਗੂ ਹੋਵੇਗੀ।

ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅਪਰੈਲ ਮਹੀਨੇ ਹੋਏ ਇੱਕ ਅਤਿਵਾਦੀ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਮਈ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਚਾਰ ਦਿਨਾਂ ਦਾ ਟਕਰਾਅ ਚੱਲਿਆ ਸੀ। ਉਦੋਂ ਤੋਂ ਹੀ ਇਸਲਾਮਾਬਾਦ ਨੇ ਕਈ ਵਾਰ ਭਾਰਤੀ ਜਹਾਜ਼ਾਂ ਦੇ ਆਪਣੇ ਅਸਮਾਨ ਤੋਂ ਲੰਘਣ ’ਤੇ ਪਾਬੰਦੀ ਵਧਾਈ ਹੈ।
  ਖਾਸ ਖਬਰਾਂ