View Details << Back

ਇੰਡੀਗੋ ਸੰਕਟ ਦਾ ਪੰਜਵਾਂ ਦਿਨ: 800 ਤੋਂ ਵੱਧ ਉਡਾਣਾਂ ਰੱਦ; ਐਤਵਾਰ ਸ਼ਾਮ ਤੱਕ ਟਿਕਟਾਂ ਰਿਫੰਡ ਕਰਨ ਦੇ ਹੁਕਮ !

  ਘਰੇਲੂ ਏਅਰਲਾਈਨ ਇੰਡੀਗੋ ਨੇ ਸ਼ਨੀਵਾਰ ਨੂੰ ਚੱਲ ਰਹੇ ਸੰਕਟ ਦੇ ਪੰਜਵੇਂ ਦਿਨ 800 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ, ਜਦੋਂ ਕਿ ਸਰਕਾਰ ਨੇ ਹਵਾਈ ਕਿਰਾਇਆਂ ’ਤੇ ਇੱਕ ਸੀਮਾ ਲਗਾ ਦਿੱਤੀ ਅਤੇ ਏਅਰਲਾਈਨ ਨੂੰ ਸ਼ਾਮ ਤੱਕ ਸਾਰੇ ਰਿਫੰਡਾਂ ’ਤੇ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ।

ਨਾਗਰਿਕ ਹਵਾਬਾਜ਼ੀ ਮੰਤਰਾਲੇ ਦੀ ਵੈੱਬਸਾਈਟ ਅਨੁਸਾਰ, ਸ਼ੁੱਕਰਵਾਰ ਨੂੰ ਛੇ ਮੈਟਰੋ ਹਵਾਈ ਅੱਡਿਆਂ ਤੋਂ ਏਅਰਲਾਈਨ ਦੀ ਸਮੇਂ ’ਤੇ ਕਾਰਗੁਜ਼ਾਰੀ (on time performance) 3.7 ਫੀਸਦ ਤੱਕ ਡਿੱਗ ਗਈ।

ਸਰਕਾਰ ਨੇ ਕਿਹਾ ਕਿ ਕਿਸੇ ਵੀ ਨਿਯਮ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਏਅਰਲਾਈਨ ਵਿਰੁੱਧ ਰੈਗੂਲੇਟਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਇੰਡੀਗੋ ਦੀਆਂ ਉਡਾਣਾਂ ਵਿੱਚ ਵਿਘਨ ਕਾਰਨ ਹਜ਼ਾਰਾਂ ਯਾਤਰੀਆਂ ਦੇ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ, ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਸ਼ਨੀਵਾਰ ਨੂੰ ਏਅਰਲਾਈਨ ਨੂੰ ਰੱਦ ਕੀਤੀਆਂ ਉਡਾਣਾਂ ਲਈ ਟਿਕਟ ਰਿਫੰਡ ਦੀ ਪ੍ਰਕਿਰਿਆ ਐਤਵਾਰ ਸ਼ਾਮ ਤੱਕ ਪੂਰੀ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤਾ ਕਿ ਯਾਤਰੀਆਂ ਤੋਂ ਵੱਖ ਹੋਏ ਸਮਾਨ ਨੂੰ ਅਗਲੇ ਦੋ ਦਿਨਾਂ ਵਿੱਚ ਉਨ੍ਹਾਂ ਤੱਕ ਪਹੁੰਚਾਇਆ ਜਾਵੇ।

ਏਅਰਲਾਈਨ ਨੇ ਸ਼ੁੱਕਰਵਾਰ ਨੂੰ 1,000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਸਨ। ਏਅਰਲਾਈਨ ਨੇ ਕਿਹਾ ਕਿ ਉਸ ਦੀਆਂ ਟੀਮਾਂ ਇਸ ਮਿਆਦ ਦੌਰਾਨ ਸ਼ਡਿਊਲ ਨੂੰ ਸਥਿਰ ਕਰਨ, ਦੇਰੀ ਨੂੰ ਘਟਾਉਣ ਅਤੇ ਗਾਹਕਾਂ ਦਾ ਸਮਰਥਨ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ।

ਇੰਡੀਗੋ ਨੇ ਇੱਕ ਬਿਆਨ ਵਿੱਚ ਇਹ ਵੀ ਕਿਹਾ ਕਿ ਉਹ ਸਾਰੇ ਗਾਹਕ ਰਿਫੰਡ ਮੁੱਦਿਆਂ ਨੂੰ “ਪਹਿਲ ਦੇ ਆਧਾਰ ’ਤੇ” ਹੱਲ ਕਰ ਰਹੀ ਹੈ।

ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਰੱਦ ਕੀਤੀਆਂ ਜਾਂ ਵਿਘਨ ਪਈਆਂ ਸਾਰੀਆਂ ਉਡਾਣਾਂ ਲਈ ਰਿਫੰਡ ਪ੍ਰਕਿਰਿਆ ਐਤਵਾਰ ਰਾਤ 8 ਵਜੇ ਤੱਕ ਪੂਰੀ ਹੋਣੀ ਚਾਹੀਦੀ ਹੈ। ਇਸ ਵਿੱਚ ਕਿਹਾ ਗਿਆ ਹੈ, “ਏਅਰਲਾਈਨਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਉਨ੍ਹਾਂ ਯਾਤਰੀਆਂ ਤੋਂ ਕੋਈ ਵੀ ਰੀ-ਸ਼ਡਿਊਲਿੰਗ ਖਰਚੇ ਨਾ ਲੈਣ ਜਿਨ੍ਹਾਂ ਦੀਆਂ ਯਾਤਰਾ ਯੋਜਨਾਵਾਂ ਰੱਦ ਹੋਣ ਕਾਰਨ ਪ੍ਰਭਾਵਿਤ ਹੋਈਆਂ ਹਨ।”

ਇੰਡੀਗੋ ਨੂੰ ਇੱਕ ਸਮਰਪਿਤ ਯਾਤਰੀ ਸਹਾਇਤਾ ਅਤੇ ਰਿਫੰਡ ਸਹੂਲਤ ਸੈੱਲ ਸਥਾਪਤ ਕਰਨ ਦੀ ਵੀ ਹਦਾਇਤ ਕੀਤੀ ਗਈ ਹੈ। ਬਿਆਨ ਵਿੱਚ ਕਿਹਾ ਗਿਆ ਹੈ, “ਇਨ੍ਹਾਂ ਸੈੱਲਾਂ ਨੂੰ ਪ੍ਰਭਾਵਿਤ ਯਾਤਰੀਆਂ ਨਾਲ ਸਰਗਰਮੀ ਨਾਲ ਸੰਪਰਕ ਕਰਨ ਅਤੇ ਇਹ ਯਕੀਨੀ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ ਕਿ ਰਿਫੰਡ ਅਤੇ ਵਿਕਲਪਿਕ ਯਾਤਰਾ ਪ੍ਰਬੰਧਾਂ ’ਤੇ ਕਈ ਵਾਰ ਫਾਲੋ-ਅੱਪ ਦੀ ਲੋੜ ਤੋਂ ਬਿਨਾਂ ਕਾਰਵਾਈ ਕੀਤੀ ਜਾਵੇ।”

ਬਿਆਨ ਵਿੱਚ ਕਿਹਾ ਗਿਆ ਹੈ, “ ਆਟੋਮੈਟਿਕ ਰਿਫੰਡ ਦੀ ਪ੍ਰਣਾਲੀ ਉਦੋਂ ਤੱਕ ਸਰਗਰਮ ਰਹੇਗੀ ਜਦੋਂ ਤੱਕ ਕਾਰਵਾਈਆਂ ਪੂਰੀ ਤਰ੍ਹਾਂ ਸਥਿਰ ਨਹੀਂ ਹੋ ਜਾਂਦੀਆਂ।”

ਇਸ ਤੋਂ ਇਲਾਵਾ, ਮੰਤਰਾਲੇ ਨੇ ਕਿਹਾ ਕਿ ਏਅਰਲਾਈਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਡਾਣਾਂ ਰੱਦ ਹੋਣ ਜਾਂ ਦੇਰੀ ਕਾਰਨ ਯਾਤਰੀਆਂ ਤੋਂ ਵੱਖ ਹੋਏ ਸਮਾਨ ਦਾ ਪਤਾ ਲਗਾਇਆ ਜਾਵੇ ਅਤੇ ਅਗਲੇ 48 ਘੰਟਿਆਂ ਦੇ ਅੰਦਰ ਉਨ੍ਹਾਂ ਨੂੰ ਸੌਂਪਿਆ ਜਾਵੇ।

ਇੰਡੀਗੋ ਨੇ ਕਿਹਾ, “ਸ਼ਨੀਵਾਰ ਨੂੰ ਰੱਦ ਕੀਤੀਆਂ ਉਡਾਣਾਂ ਦੀ ਗਿਣਤੀ 850 ਤੋਂ ਘੱਟ ਹੋ ਗਈ ਹੈ, ਜੋ ਸ਼ੁੱਕਰਵਾਰ ਦੇ ਮੁਕਾਬਲੇ ਬਹੁਤ ਘੱਟ ਹੈ। ਅਸੀਂ ਅਗਲੇ ਕੁਝ ਦਿਨਾਂ ਵਿੱਚ ਇਸ ਸੰਖਿਆ ਨੂੰ ਹੌਲੀ-ਹੌਲੀ ਘਟਾਉਣ ਲਈ ਕੰਮ ਕਰਨਾ ਜਾਰੀ ਰੱਖ ਰਹੇ ਹਾਂ।”
  ਖਾਸ ਖਬਰਾਂ