View Details << Back

ਕੋਚਿੰਗ ਵਿਦਿਆਰਥੀ ਖ਼ੁਦਕੁਸ਼ੀ ਕਾਂਡ ’ਚ ਰਾਜਸਥਾਨ ਹਾਈ ਕੋਰਟ ਨੇ ਮਾਪਿਆਂ ਨੂੰ ਮੰਨਿਆ ਜ਼ਿੰਮੇਵਾਰ, ਕਿਹਾ- ਖ਼ਾਹਿਸ਼ੀ ਮਾਪੇ ਬੱਚਿਆਂ ਤੋਂ ਲਾਉਂਦੇ ਨੇ ਵੱਡੀਆਂ ਆਸਾਂ

  ਜਾਸ, ਜੈਪੁਰ : ਕੋਚਿੰਗ ਵਿਦਿਆਰਥੀ ਦੇ ਖ਼ੁਦਕੁਸ਼ੀ ਮਾਮਲੇ ਵਿਚ ਰਾਜਸਥਾਨ ਹਾਈ ਕੋਰਟ ਨੇ ਉਸ ਦੇ ਮਾਪਿਆਂ ਨੂੰ ਜ਼ਿੰਮੇਵਾਰ ਮੰਨਿਆ ਹੈ। ਜੱਜ ਇੰਦਰਜੀਤ ਸਿੰਘ ਤੇ ਵਿਨੋਦ ਕੁਮਾਰ ਦੇ ਬੈਂਚ ਨੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਬੱਚਿਆਂ ਦਾ ਮਸਲਾ ਸਿਸਟਮ ਦੀ ਖ਼ਰਾਬੀ ਨਹੀਂ ਹੈ ਸਗੋਂ ਉਹ ਮਾਪੇ ਹਨ ਜੋ ਕਿ ਆਪਣੇ ਬੱਚੇ ਤੋਂ ਉਸ ਦੀ ਸਮਰਥਾ ਤੋਂ ਵੱਧ ਕਾਰਗੁਜ਼ਾਰੀ ਦੀ ਉਮੀਦ ਲਾਉਂਦੇ ਹਨ। ਜੱਜ ਨੇ ਕਿਹਾ ਕਿ ਇਹੋ ਜਿਹੇ ਮਾਪੇ ਅਕਸਰ ਕਹਿ ਦਿੰਦੇ ਹਨ ਕਿ ਪਾਸ ਹੋ ਕੇ ਘਰ ਆਈਂ, ਨਹੀਂ ਤਾਂ ਬੇਸ਼ੱਕ ਨਾ ਘਰ ਵੜੀ। ਬੱਚਿਆਂ ’ਤੇ ਪੜ੍ਹਾਈ ਦੌਰਾਨ ਇਹੋ ਜਿਹੇ ਮਾਪਿਆਂ ਦਾ ਦਬਾਅ ਰਹਿੰਦਾ ਹੈ। ਸੂਬਾ ਸਰਕਾਰ ਨੂੰ ਅਦਾਲਤ ਵਿਚ ਅੱਠ ਹਫ਼ਤਿਆਂ ਵਿਚ ਇਹ ਦੱਸਣਾ ਪਵੇਗਾ ਕਿ ਸੂਬੇ ਵਿਚ ਕਿੰਨੇ ਅਜਿਹੇ ਕੋਚਿੰਗ ਅਦਾਰੇ ਹਨ ਤੇ ਉਨ੍ਹਾਂ ਵਿਚੋਂ ਮਈ ਤੱਕ ਕਿੰਨੇ ਰਜਿਸਟ੍ਰਡ ਹੋਏ। ਦੱਸਣਯੋਗ ਹੈ ਕਿ ਹੁਣ ਤੱਕ ਕੋਟਾ ਵਿਚ 14 ਵਿਦਿਆਰਥੀ-ਵਿਦਿਆਰਥਣਾਂ ਨੇ ਖ਼ੁਦਕੁਸ਼ੀ ਕੀਤੀ ਸੀ ਜਾਂ ਕਿਹਾ ਜਾ ਰਿਹਾ ਹੈ ਕਿ ਸ਼ੱਕੀ ਹਾਲਾਤ ਵਿਚ ਉਸ ਦੀ ਮੌਤ ਹੋਈ ਸੀ। ਅਦਾਲਤ ਨੇ ਇਹ ਕੋਚਿੰਗ ਸਟੂਡੈਂਟਸ ਦੀ ਖ਼ੁਦਕੁਸ਼ੀ ਦੇ ਮਾਮਲੇ ਵਿਚ ਸੁਣਵਾਈ ਕਰਦੇ ਹੋਏ ਕੀਤੀ ਹੈ।

ਸੁਣਵਾਈ ਦੌਰਾਨ ਐਡਵੋਕੇਟ ਜਨਰਲ ਰਾਜੇਂਦਰ ਪ੍ਰਸਾਦ ਨੇ ਕਿਹਾ ਕਿ ਕੋਚਿੰਗ ਸੰਸਥਾਵਾਂ ਦੇ ਸਬੰਧ ਵਿਚ ਸੂਬਾ ਸਰਕਾਰ ਕੰਟਰੋਲ ਐਂਡ ਰੈਗੂਲੇਸ਼ਨ ਮਤਾ ਤਿਆਰ ਕਰ ਰਹੀ ਹੈ। ਇਸ ਵਿਚ ਕੋਚਿੰਗ ਅਦਾਰਿਆਂ ਨੂੰ ਸ਼ਾਮਲ ਕਰਦੇ ਹੋਏ ਉਨ੍ਹਾਂ ਤੋਂ ਸੁਝਾਅ ਮੰਗੇ ਗਏ ਹਨ। ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਗਾਈਡਲਾਈਨ ਵੀ ਇਸ ਵਿਚ ਸ਼ਾਮਲ ਕੀਤੀ ਗਈ ਹੈ। ਪਿਛਲੀ ਸੁਣਵਾਈ ਵਿਚ ਕਿਹਾ ਗਿਆ ਸੀ ਕਿ ਅਦਾਲਤ ਦੇ ਕਈ ਹੁਕਮਾਂ ਮਗਰੋਂ ਵੀ ਨਤੀਜੇ ਸਾਹਮਣੇ ਨਹੀਂ ਆਏ ਹਨ। ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਗਾਈਡਲਾਈਨਜ਼ ਬਣਾ ਕੇ 16 ਜਨਵਰੀ 2024 ਨੂੰ ਦੇ ਦਿੱਤੀਆਂ ਸਨ।
  ਖਾਸ ਖਬਰਾਂ