View Details << Back

ਅਕਾਲੀ ਆਗੂਆਂ ਦੇ ਅਸਤੀਫੇ਼, ਪਾਰਟੀ ਰਣਨੀਤੀ ਦਾ ਹਿੱਸਾ ਜਾਂ ਆਗੂ ਤਲਾਸ਼ਣ ਲੱਗੇ ਨਵਾਂ ਰਾਹ !

  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਪਾਰਟੀ ਆਗੂਆਂ ਵਲੋਂ ਅਸਤੀਫ਼ਾ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਕ-ਇਕ ਕਰਕੇ ਅਕਾਲੀ ਆਗੂ ਆਪਣਾ ਅਸਤੀਫ਼ਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਭੇਜ ਰਹੇ ਹਨ। ਅਕਾਲੀ ਆਗੂਆਂ ਵਲੋਂ ਅਸਤੀਫਿਆਂ ਦੀ ਝੜੀ ਲਾਉਣਾ ਪਾਰਟੀ ਦੀ ਰਣਨੀਤੀ ਦਾ ਹਿਸਾ ਹੈ, ਜਾਂ ਫਿਰ ਦਬਾਅ ਦੀ ਰਾਜਨੀਤੀ ਹੈ ਜਾਂ ਫਿਰ ਪਾਰਟੀ ਦੀ ਸਿਆਸੀ ਕਿਸ਼ਤੀ ਦੇ ਡਾਵਾਂਡੋਲ ਹੋਣ ਕਾਰਨ ਸੱਚਮੁੱਚ ਆਗੂ ਕੋਈ ਹੋਰ ਰਸਤਾ ਤਲਾਸ਼ਣ ਲਈ ਅਜਿਹਾ ਕਰ ਰਹੇ ਹਨ। ਪੰਥਕ ਤੇ ਸਿਆਸੀ ਹਲਕਿਆਂ ਵਿਚ ਚਰਚਾਵਾਂ ਦਾ ਬਜ਼ਾਰ ਗਰਮ ਹੈ।

ਪਾਰਟੀ ਦੇ ਖਜ਼ਾਨਚੀ ਅਤੇ ਹਿੰਦੂ ਨੇਤਾ ਐਨਕੇ ਸ਼ਰਮਾ ਤੋਂ ਬਾਅਦ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਵੀ ਅੱਜ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਾਰਟੀ ਦੇ ਤਿੰਨ ਵਾਰ ਵਿਧਾਇਕ ਰਹੇ ਹਰਪ੍ਰੀਤ ਸੰਧੂ ਨੇ ਵੀ ਅਸਤੀਫ਼ਾ ਦਿੱਤਾ ਹੈ। ਇਸਤੋਂ ਇਲਾਵਾ ਹੋਰਨਾਂ ਆਗੂਆਂ ਨੇ ਵੀ ਵਰਕਿੰਗ ਕਮੇਟੀ ਦੇ ਆਗੂਆਂ ਨੂੰ ਅਸਤੀਫ਼ਾ ਦੇਣ ਦੀ ਧਮਕੀ ਦਿੱਤੀ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪਾਰਟੀ ਆਗੂਆਂ ਵਲੋਂ ਦਬਾਅ ਬਣਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ, ਜਿਸਦਾ ਖਮਿਆਜ਼ਾ ਅਕਾਲੀ ਦਲ ਨੂੰ ਭੁਗਤਣਾ ਪੈ ਸਕਦਾ ਹੈ।

ਉਧਰ ਅਕਾਲੀ ਦਲ 1920 ਦੇ ਪ੍ਰਧਾਨ ਤੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਦਾ ਕਹਿਣਾ ਹੈ ਕਿ ਤਨਖਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਮਰਥਨ ਵਿਚ ਕਈ ਅਕਾਲੀ ਆਗੂ ਅਕਾਲ ਤਖ਼ਤ ਸਾਹਿਬ ਨਾਲ ਸਿੱਧੀ ਟੱਕਰ ਲੈ ਰਹੇ ਹਨ। ਉਹਨਾਂ ਕਿਹਾ ਕਿ ਬਾਦਲ ਗਰੁੱਪ ਸਿੱਖੀ ਨੂੰ ਕਦੇ ਵੀ ਸਮਰਪਿਤ ਨਹੀ ਰਿਹਾ। ਸਿੱਖੀ ਇਸ ਵੇਲੇ ਨਾਜੁਕ ਮੋੜ ਤੇ ਹੈ ਜਦੋਂ ਬਾਦਲ ਦਲ ਵੱਲੋਂ ਸਿਧਾਂਤਾਂ ਨੂੰ ਗੰਭੀਰ ਖਤਰਾ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਮੁਤਾਬਿਕ ਅਕਾਲ ਤਖਤ ਸਾਹਿਬ ਨਾਲ ਟੱਕਰ ਲੈਣ ਵਾਲੇ ਸਿਧਾਂਤਹੀਣ, ਪਰਿਵਾਰਵਾਦੀ ਅਤੇ ਲਕੀਰ ਦੇ ਫਕੀਰਾਂ ਦੀ ਥਾਂ ਮਿਸ਼ਨਰੀ ਲੀਡਰਸ਼ਿਪ ਸਿੱਖ ਸੰਸਥਾਵਾਂ ਦੀ ਅਗਵਾਈ ਕਰਨ ਤਾਂ ਜੋ ਸਿੱਖ ਵਿਰੋਧੀਆਂ ਨੂੰ ਹਾਸ਼ੀਏ 'ਤੇ ਧੱਕਿਆ ਜਾ ਸਕੇ। ਰਵੀਇੰਦਰ ਸਿੰਘ ਨੇ ਕਿਹਾ ਕਿ ਅੱਜ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾ ਕੇ ਇਹਨਾਂ (ਬਾਦਲ ਤੇ ਸਮਰਥਕਾਂ) ਨੇ ਸਿੱਖ ਪੰਥ ਨੂੰ ਜੋ ਨੁਕਸਾਨ ਪਹੁੰਚਾਇਆ, ਉਹ ਬਰਦਾਸ਼ਤ ਤੋਂ ਬਾਹਰ ਹੈ ਅਤੇ ਕਿਸੇ ਵੀ ਤਰਾਂ ਬਖਸ਼ਨਯੋਗ ਨਹੀਂ।
  ਖਾਸ ਖਬਰਾਂ