View Details << Back

ਛਠ ਪੂਜਾ ਨੂੰ ਲੈ ਕੇ ਰਾਜਧਾਨੀ 'ਚ ਘਮਸਾਨ, ਚਿਰਾਗ ਦਿੱਲੀ ਛਾਉਣੀ 'ਚ ਤਬਦੀਲ; ਸੀਐੱਮ ਆਤਿਸ਼ੀ ਨੇ ਭਾਜਪਾ ਨੂੰ ਦੱਸਿਆ ਪੂਰਵਾਂਚਲ ਵਿਰੋਧੀ

  ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਆਈਟੀਓ ਛਠ ਘਾਟ ਦਾ ਦੌਰਾ ਕੀਤਾ ਤੇ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ, 'ਛਠ ਦਾ ਤਿਉਹਾਰ ਪੂਰਵਾਂਚਲੀ ਭੈਣ-ਭਰਾਵਾਂ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਅਤੇ ਅਸੀਂ ਪਿਛਲੇ 10 ਸਾਲਾਂ ਤੋਂ ਇਸ ਤਿਉਹਾਰ ਨੂੰ ਪੂਰੀ ਦਿੱਲੀ ਵਿਚ ਧੂਮਧਾਮ ਨਾਲ ਮਨਾਉਂਦੇ ਹਾਂ। 10 ਸਾਲ ਪਹਿਲਾਂ ਸਰਕਾਰ ਵੱਲੋਂ ਸਿਰਫ਼ ਦਿੱਲੀ ਵਿੱਚ 60 ਥਾਵਾਂ 'ਤੇ ਹੀ ਛਠ ਦਾ ਤਿਉਹਾਰ ਮਨਾਇਆ ਜਾਂਦਾ ਸੀ ਪਰ ਅੱਜ ਦਿੱਲੀ ਸਰਕਾਰ ਨੇ 1000 ਤੋਂ ਵੱਧ ਸ਼ਾਨਦਾਰ ਛਠ ਘਾਟ ਤਿਆਰ ਕੀਤੇ ਹਨ, ਜਿੱਥੇ ਹਰ ਕੋਈ ਛੱਠੀ ਮਈਆ ਦੀ ਪੂਜਾ ਕਰ ਸਕੇਗਾ।

ਉਨ੍ਹਾਂ ਕਿਹਾ ਕਿ ਚਿਰਾਗ ਦਿੱਲੀ ’ਚ ਭਾਜਪਾ ਦੀ ਡੀਡੀਏ ਵੱਲੋਂ ਛਠ ਪੂਜਾ ਨੂੰ ਰੋਕਣਾ ਭਾਜਪਾ ਦੀ ਪੂਰਵਾਂਚਲ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਉਹ ਨਹੀਂ ਚਾਹੁੰਦੀ ਕਿ ਪੂਰਵਾਂਚਲ ਦੇ ਲੋਕ ਦਿੱਲੀ ਵਿਚ ਛਠ ਪੂਜਾ ਕਰਨ।

ਇਸ ਵਾਰ ਛਠ ਪੂਜਾ 5-8 ਨਵੰਬਰ ਨੂੰ ਮਨਾਈ ਜਾਵੇਗੀ
ਛਠ ਪੂਜਾ ਸੂਰਜ ਨੂੰ ਸਮਰਪਿਤ ਤਿਉਹਾਰ ਹੈ, ਜੋ ਬਹੁਤ ਸਾਰੇ ਭਾਰਤੀ ਸੂਬਿਆਂ ਅਤੇ ਇੱਥੋਂ ਤਕ ਕਿ ਦੇਸ਼ ਤੋਂ ਬਾਹਰ ਵੀ ਮਨਾਇਆ ਜਾਂਦਾ ਹੈ। ਇਸ ਸਾਲ ਇਹ ਤਿਉਹਾਰ 5 ਤੋਂ 8 ਨਵੰਬਰ ਤਕ ਮਨਾਇਆ ਜਾਵੇਗਾ। ਇਸ ਦੌਰਾਨ ਵਿਧਾਇਕ ਸੌਰਭ ਭਾਰਦਵਾਜ ਨੇ ਰਾਜਧਾਨੀ 'ਚ ਕੁਝ ਥਾਵਾਂ 'ਤੇ ਲੋਕਾਂ ਨੂੰ ਕਥਿਤ ਤੌਰ ’ਤੇ ਪ੍ਰਰਾਥਨਾ ਕਰਨ ਤੋਂ ਰੋਕਣ ਲਈ ਭਾਜਪਾ 'ਤੇ ਆਪਣਾ ਹਮਲਾ ਜਾਰੀ ਰੱਖਿਆ।

ਭਾਜਪਾ 'ਤੇ ਮਾੜੀ ਰਾਜਨੀਤੀ ਕਰਨ ਦਾ ਦੋਸ਼
ਵਿਧਾਇਕ ਨੇ ਟਵਿੱਟਰ 'ਤੇ ਪੋਸਟ ਕਰਦਿਆਂ ਲਿਖਿਆ, 'ਚਿਰਾਗ ਦਿੱਲੀ ਛਠ ਘਾਟ ਛਾਉਣੀ ਬਣ ਗਈ ਹੈ। ਪੁਲਿਸ ਤੋਂ ਬਾਅਦ ਹੁਣ ਸੀਆਰਪੀਐਫ ਦੀ ਬਟਾਲੀਅਨ ਵੀ ਮੌਜੂਦ ਹੈ। ਜੇ ਜਨਤਾ ਭਾਜਪਾ ਨਾਲ ਹੈ ਤਾਂ ਇੰਨਾ ਡਰ ਕਿਉਂ ਹੈ?’ ਇਸ ਤੋਂ ਪਹਿਲਾਂ ਦਿੱਲੀ ਦੀ ਮੁੱਖ ਮੰਤਰੀ ਨੇ 'ਘਟੀਆ ਰਾਜਨੀਤੀ' ਕਰਨ ਲਈ ਭਾਰਤੀ ਜਨਤਾ ਪਾਰਟੀ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਵਿਕਾਸ ਅਥਾਰਟੀ (ਡੀਡੀਏ) ਦਰਵਾਜ਼ੇ ਬੰਦ ਰੱਖ ਕੇ ਪੂਰਵਾਂਚਲੀਆਂ ਨੂੰ ਛਠ ਪੂਜਾ ਮਨਾਉਣ ਤੋਂ ਰੋਕ ਰਹੀ ਹੈ।

7 ਨਵੰਬਰ ਨੂੰ ਛੁੱਟੀ ਦਾ ਐਲਾਨ
DDA ਵਿਧਾਨਕ ਸੰਸਥਾ ਹੈ ਜੋ ਭਾਰਤ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਅਧਿਕਾਰ ਖੇਤਰ ਵਿਚ ਆਉਂਦੀ ਹੈ। ਆਤਿਸ਼ੀ ਨੇ ਦਾਅਵਾ ਕੀਤਾ ਕਿ ਦਿੱਲੀ ਵਿਕਾਸ ਅਥਾਰਟੀ ਗ੍ਰੇਟਰ ਕੈਲਾਸ਼ ਦੇ ਛਠ ਘਾਟ 'ਚ ਲੋਕਾਂ ਦੇ ਦਾਖਲੇ 'ਤੇ ਪਾਬੰਦੀ ਲਗਾ ਰਹੀ ਹੈ। ਇਸ ਤੋਂ ਪਹਿਲਾਂ ਆਤਿਸ਼ੀ ਨੇ 7 ਨਵੰਬਰ ਨੂੰ ਛਠ ਪੂਜਾ ਲਈ ਜਨਤਕ ਛੁੱਟੀ ਦਾ ਐਲਾਨ ਕੀਤਾ ਸੀ। ਇਸ ਨੂੰ ਰਾਸ਼ਟਰੀ ਰਾਜਧਾਨੀ ਖੇਤਰ (NCT) ਦਿੱਲੀ ਦੇ ਵਸਨੀਕਾਂ ਲਈ ਮਹੱਤਵਪੂਰਨ ਤਿਉਹਾਰ ਦੱਸਿਆ ਗਿਆ ਹੈ।
  ਖਾਸ ਖਬਰਾਂ