View Details << Back

ਹੱਜ ਦੀ ਰਜਿਸਟ੍ਰੇਸ਼ਨ ਫੀਸ ਖ਼ਤਮ, ਸਹੂਲਤ ਫੀਸ ਕੀਤੀ ਦੁੱਗਣੀ, 65 ਸਾਲ ਤੋਂ ਵੱਧ ਉਮਰ ਦੇ ਲੋਕ ਨਹੀਂ ਜਾਣਗੇ ਇਕੱਲੇ

  ਹੱਜ ਕਮੇਟੀ ਆਫ ਇੰਡੀਆ ਨੇ ਇਸ ਵਾਰ ਹੱਜ ਯਾਤਰੀਆਂ ਲਈ ਨਵੀਂ ਨਿਯਮਾਂਵਲੀ ਦੇ ਨਾਲ-ਨਾਲ ਗਾਈਡਲਾਈਨ ਵੀ ਜਾਰੀ ਕੀਤੀ ਹੈ। ਇਸ ਵਾਰ ਸਰਕਾਰ ਨੇ ਰਜਿਸਟ੍ਰੇਸ਼ਨ ਫੀਸ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੀ ਹੈ ਜਦਕਿ ਸਹੂਲਤ ਲਈ ਫ਼ੀਸ ਦੁੱਗਣੀ ਕਰ ਦਿੱਤੀ ਹੈ। ਇਸ ਵਾਰ 65 ਸਾਲ ਤੋਂ ਵੱਧ ਉਮਰ ਵਰਗ ਦੇ ਜ਼ਾਇਰੀਨ ਦੇ ਇਕੱਲੇ ਜਾਣ 'ਤੇ ਪਾਬੰਦੀ ਰਹੇਗੀ, ਪਹਿਲਾਂ ਇਹ ਉਮਰ-ਹੱਦ 70 ਸਾਲ ਸੀ। ਹੱਜ ਕਮੇਟੀ ਆਫ ਇੰਡੀਆ ਨੇ ਇਸ ਯਾਤਰਾ ਲਈ ਆਨਲਾਈਨ ਬਿਨੈ-ਪੱਤਰ ਨੌਂ ਸਤੰਬਰ ਤੱਕ ਮੰਗ ਲਏ ਹਨ।

ਜਾਣਕਾਰੀ ਮੁਤਾਬਕ ਸਰਕਾਰ ਨੇ ਹੱਜ ਯਾਤਰਾ ਸਬੰਧੀ 300 ਰੁਪਏ ਰਜਿਸਟ੍ਰੇਸ਼ਨ ਫੀਸ ਖ਼ਤਮ ਕਰ ਕੇ ਸਹੂਲਤ ਦਰਾਂ ਵਿਚ ਹਜ਼ਾਰ ਰੁਪਏ ਦਾ ਵਾਧਾ ਕਰ ਕੇ ਇਸ ਨੂੰ ਦੋ ਹਜ਼ਾਰ ਰੁਪਏ ਕਰ ਦਿੱਤਾ ਹੈ। ਯਾਤਰਾ ਦੌਰਾਨ ਹੁਣ ਪਤਨੀ-ਪਤਨੀ ਇੱਕੋ ਕਮਰੇ ਵਿਚ ਨਹੀਂ ਰਹਿ ਸਕਣਗੇ, ਇਹ ਫ਼ੈਸਲਾ ਹੱਜ ਕਮੇਟੀ ਆਫ ਇੰਡੀਆ ਦਾ ਨਹੀਂ ਸਗੋਂ ਸਾਊਦੀ ਅਰਬ ਸਰਕਾਰ ਨੇ ਕੀਤਾ ਹੈ। ਸਾਊਦੀ ਸਰਕਾਰ ਮੁਤਾਬਕ ਪੁਰਸ਼, ਔਰਤਾਂ ਦੇ ਕਮਰੇ ਵਿਚ ਪ੍ਰਵੇਸ਼ ਨਹੀਂ ਕਰ ਸਕਣਗੇ। ਯਾਦ ਰਹੇ ਹੁਣ ਤੱਕ ਹੱਜ ਕਮੇਟੀ ਆਫ ਇੰਡੀਆ ਹਰ ਸੂਬੇ ਦੀਆਂ ਔਰਤਾਂ ਤੇ ਮਰਦਾਂ ਦਾ ਗਰੁੱਪ ਬਣਾ ਕੇ ਇਕ ਕਮਰੇ ਵਿਚ ਇੰਤਜ਼ਾਮ ਕਰਦੀ ਰਹੀ ਹੈ। ਕਮੇਟੀ ਦੀ ਤਰਫੋਂ ਇਸ ਵਾਰ ਹਰ ਜ਼ਿਲ੍ਹੇ ਦੇ ਹੱਜ ਯਾਤਰੀਆਂ ਨੂੰ ਇੱਕੋ ਇਮਾਰਤ ਵਿਚ ਠਹਿਰਾਇਆ ਜਾਵੇਗਾ। ਪਤੀ ਤੇ ਪਤਨੀ ਦੇ ਕਮਰੇ ਨਜ਼ਦੀਕ ਹੋਣਗੇ। ਜ਼ਿਲ੍ਹਾ ਹੱਜ ਟਰੇਨਰ ਹਾਜੀ ਰਹੀਮ ਉਦ ਦੀਨ ਨੇ ਦੱਸਿਆ ਹੈ ਕਿ ਹੱਜ ਯਾਤਰਾ ’ਤੇ ਜਾਣ ਦੇ ਚਾਹਵਾਨ 9 ਸਤੰਬਰ ਤੋਂ ਪਹਿਲਾਂ ਹੀ ਬਿਨੈ ਪੱਤਰ ਦੇ ਨਾਲ-ਨਾਲ ਆਪਣਾ ਪਾਸਪੋਰਟ ਤਿਆਰ ਰੱਖਣ ਤੇ ਇਸ ਸਬੰਧ ਵਿਚ ਹੋਰ ਤਿਆਰੀ ਵੀ ਕਰ ਲੈਣ। ਹੱਜ ਕਮੇਟੀ ਦੀ ਤਰਫੋਂ ਹੋ ਰਹੇ ਬਦਲਾਅ ਮੁਤਾਬਕ ਸਾਰੇ ਕੰਮ ਕੀਤੇ ਜਾਣ।
  ਖਾਸ ਖਬਰਾਂ