View Details << Back

ਕੇਂਦਰੀ ਸਿੱਖਿਆ ਮੰਤਰੀ ਨੇ ਕਾਂਗਰਸ ’ਤੇ ਨੀਟ ਦੇ ਮੁੱਦੇ ’ਤੇ ਸਿਆਸਤ ਕਰਨ ਦਾ ਲਗਾਇਆ ਦੋਸ਼, ਕਿਹਾ- 2 ਜੁਲਾਈ ਤੱਕ ਨੀਟ-ਪੀਜੀ ਦੀ ਨਵੀਂ ਤਰੀਕ ਕਰਾਂਗੇ ਤੈਅ

  ਪੰਚਕੂਲਾ : ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਾਂਗਰਸ ’ਤੇ ਨੀਟ ਦੇ ਮੁੱਦੇ ’ਤੇ ਸਿਆਸਤ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਇਸ ਮੁੱਦੇ ’ਤੇ ਰਾਜਨੀਤੀ ਕਰਨ ਦੀ ਕੋਸ਼ਿਸ਼ ਵਿਚ ਹੈ। ਕਾਂਗਰਸ ਸਦਨ ਵਿਚ ਚਰਚਾ ਨਹੀਂ ਕਰਨਾ ਚਾਹੁੰਦੀ ਬਲਕਿ ਇਸ ਮੁੱਦੇ ’ਤੇ ਸਿਆਸਤ ਜਾਰੀ ਰੱਖਣਾ ਚਾਹੁੰਦੀ ਹੈ। ਪ੍ਰਧਾਨ ਨੇ ਕਿਹਾ ਕਿ ਕੇਂਦਰੀ ਦੀ ਐੱਨਡੀਏ ਸਰਕਾਰ ਦੀ ਮਨਸ਼ਾ ਹੈ ਕਿ ਅਸੀਂ ਵਿਦਿਆਰਥੀਆਂ ਦੇ ਹਿੱਤਾਂ ਦਾ ਖ਼ਿਆਲ ਰੱਖਣਾ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਕਿ ਇੰਝ ਦੁਬਾਰਾ ਨਾ ਹੋਵੇ ਅਰਥਾਤ ਦੁਬਾਰਾ ਪੇਪਰ ਲੀਕ ਦੀ ਨੌਬਤ ਨਾ ਆਵੇ। ਇਸ ਕਾਰੇ ਵਿਚ ਜਿਹੜਾ ਵੀ ਦੋਸ਼ੀ ਨਿਕਲਿਆ, ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਨੀਟ-ਪੀਜੀ ਦੀ ਨਵੀਂ ਤਰੀਕਾਂ ਬਾਰੇ ਐਲਾਨ ਇਕ ਜਾਂ ਦੋ ਜੁਲਾਈ ਤੱਕ ਕਰ ਦੇਵਾਂਗੇ। ਐੱਨਟੀਏ ਨੂੰ ਨਵੀਂ ਲੀਡਰਸ਼ਿਪ ਮਿਲ ਗਈ ਗਈ ਹੈ। ਐੱਨਟੀਏ ਵਿਚ ਹੋਰ ਸੁਧਾਰ ਲਈ ਇਕ ਉੱਚ ਪੱਧਰ ਦੀ ਕਮੇਟੀ ਬਣਾਈ ਗਈ ਹੈ। ਇਸਰੋ ਦੇ ਸਾਬਕਾ ਮੁਖੀ ਰਾਧਾ ਕਿ੍ਸ਼ਨਨ ਦੀ ਅਗਵਾਈ ਵਿਚ ਇਸ ਕਮੇਟੀ ਦਾ ਗਠਨ ਕੀਤਾ ਗਿਆ ਹੈ। ਅਸੀਂ ਸਾਰਾ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਹੈ। ਵਿਦਿਆਰਥੀਆਂ ਨੂੰ ਮਿਲ ਰਹੇ ਹਾਂ ਤੇ ਦੇਸ਼ ਦੀ ਨਵੀਂ ਪੀੜ੍ਹੀ ਬਾਰੇ ਚਿੰਤਤ ਹਾਂ। ਕਾਂਗਰਸ ਸਦਨ ਵਿਚ ਚਰਚਾ ਤਾਂ ਨਹੀਂ ਕਰਦੀ ਪਰ ਸਿਆਸੀ ਰੋਟੀਆਂ ਸੇਕ ਰਹੀ ਹੈ।
  ਖਾਸ ਖਬਰਾਂ