View Details << Back

31 ਮਾਰਚ ਤੋਂ ਸ਼ੁਰੂ ਹੋਣਗੀਆਂ ਆਦਮਪੁਰ ਏਅਰਪੋਰਟ ਤੋਂ ਘਰੇਲੂ ਉਡਾਣਾਂ, ਕੋਰੋਨਾ ਕਾਲ ਤੋਂ ਉਡਾਣਾਂ ਸਨ ਬੰਦ

  ਫਗਵਾੜਾ : ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਵਰਚੂਅਲੀ 115 ਕਰੋੜ ਦੀ ਲਾਗਤ ਨਾਲ ਆਦਮਪੁਰ ਏਅਰਪੋਰਟ ਦਾ ਉਦਘਾਟਨ ਕੀਤਾ ਸੀ। ਕੋਰੋਨਾ ਕਾਲ ਤੋਂ ਆਦਮਪੁਰ ਏਅਰਪੋਰਟ ਤੋਂ ਉਡਾਣਾਂ ਬੰਦ ਸਨ। ਜਿਸ ਕਾਰਨ ਪੰਜਾਬ ਖ਼ਾਸ ਕਰਕੇ ਦੁਆਬਾ ਖੇਤਰ ਦੇ ਲੋਕ ਬਹੁਤ ਪਰੇਸ਼ਾਨ ਸਨ। ਜਨਤਾ ਦੀ ਇਸ ਮੰਗ ਨੂੰ ਵੇਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਲਗਾਤਾਰ ਆਦਮਪੁਰ ਏਅਰਪੋਰਟ ਚਲਾਉਣ ਲਈ ਯਤਨ ਕਰ ਰਹੇ ਸਨ। ਪੰਜਾਬੀਆਂ ਦੀ ਲੰਬੇ ਸਮੇਂ ਦੀ ਇਸ ਮੰਗ ਨੂੰ ਕੇਂਦਰ ਨੇ ਸਵੀਕਾਰ ਕੀਤਾ ਤੇ ਆਦਮਪੁਰ ਤੋਂ ਚੱਲਣ ਵਾਲੀ ਉਡਾਣ ਨੂੰ ਹਰੀ ਝੰਡੀ ਦੇ ਦਿੱਤੀ।

ਉਡਾਣਾਂ ਬਾਰੇ ਜਾਣਕਾਰੀ ਦਿੰਦਿਆਂ ਸੋਮ ਪ੍ਰਕਾਸ਼ ਨੇ ਦੱਸਿਆ ਕਿ ਇਹ ਘਰੇਲੂ ਉਡਾਣਾਂ 31 ਮਾਰਚ 2024 ਤੋਂ ਸ਼ੁਰੂ ਹੋਣਗੀਆਂ। ਸਟਾਰ ਏਅਰਲਾਈਨ ਦੁਆਰਾ ਇਸ ਉਡਾਣ ਦਾ ਰੂਟ ਸਵੇਰੇ 7:15 ਬੈਂਗਲੂਰੂ ਤੋਂ ਚੱਲ ਕੇ 8:35 ਵਜੇ ਨਾਂਦੇੜ, 9:00 ਵਜੇ ਨਾਂਦੇੜ ਤੋਂ ਚੱਲ ਕੇ 11:00 ਵਜੇ ਦਿੱਲੀ, 11:25 ਦਿੱਲੀ ਤੋਂ ਚੱਲ ਕੇ 12:25 ਆਦਮਪੁਰ (ਜਲੰਧਰ) ਵਿਖੇ ਹੋਵੇਗਾ। ਇਸੇ ਤਰ੍ਹਾਂ ਆਦਮਪੁਰ (ਜਲੰਧਰ) ਤੋਂ ਜਾਣ ਦਾ ਰੂਟ 12:50 ਵਜੇ ਆਦਮਪੁਰ ਤੋਂ ਚੱਲ ਕੇ 13:50 ਦਿੱਲੀ, 14:15 ਦਿੱਲੀ ਤੋਂ ਚੱਲ ਕੇ 16:15 ਨੰਦੇੜ, 16:45 ਨੰਦੇੜ ਤੋਂ ਚੱਲ ਕੇ 18:05 ਬੈਂਗਲੁਰੂ ਹੋਵੇਗਾ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਆਦਮਪੁਰ ਉਡਾਣ ਦਾ ਐਲਾਨ ਕਰਦਿਆਂ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਉਡਾਣ ਭਾਰਤ ਸਰਕਾਰ ਦੀ ਆਰਸੀਐੱਮ ਯੋਜਨਾ ਦਾ ਹਿੱਸਾ ਹੈ ਜਿਸ ਨਾਲ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿਣ ਵਾਲੇ ਲੋਕਾਂ ਦਾ ਆਪਸ ਵਿਚ ਤਾਲਮੇਲ ਵਧਾਉਣ ਅਤੇ ਹਵਾਈ ਯਾਤਰਾ ਨੂੰ ਹੋਰ ਪਹੁੰਚਯੋਗ ਬਣਾਉਣ ’ਤੇ ਜ਼ੋਰ ਦਿੱਤਾ ਜਾਂਦਾ ਹੈ।
  ਖਾਸ ਖਬਰਾਂ