View Details << Back

ਅਮਰੀਕਾ ’ਚ ਗੁਰਦੁਆਰਿਆਂ ਤੱਕ ਪੁੱਜੀ ਗ਼ੈਰ-ਕਾਨੂੰਨੀ ਪਰਵਾਸੀਆਂ ਦੀ ਫੜੋ-ਫੜੀ ਦੀ ਕਾਰਵਾਈ

  ਡੋਨਾਲਡ ਟਰੰਪ ਦੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਰੂਪ ’ਚ ਸਹੁੰ ਚੁੱਕਣ ਤੋਂ ਬਾਅਦ ਤੋਂ ਹੀ ਗ਼ੈਰ-ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਕਾਰਵਾਈ ਤੇਜ਼ ਹੋ ਗਈ ਹੈ। ਇਕ ਤਾਜ਼ਾ ਘਟਨਾਕ੍ਰਮ ’ਚ ਅਮਰੀਕੀ ਗ੍ਰਿਹ ਸੁਰੱਖਿਆ ਵਿਭਾਗ ਦੇ ਕਾਨੂੰਨ ਇਨਫੋਰਸਮੈਂਟ ਅਧਿਕਾਰੀਆਂ ਨੇ ਗ਼ੈਰ-ਕਾਨੂੰਨੀ ਪਰਵਾਸੀਆਂ ਦੀ ਮੌਜੂਦਗੀ ਦਾ ਪਤਾ ਲਾਉਣ ਅਤੇ ਉਨ੍ਹਾਂ ਦੀ ਫੜੋ-ਫੜੀ ਲਈ ਨਿਊਯਾਰਕ ਤੇ ਨਿਊਜਰਸੀ ਦੇ ਗੁਰਦੁਆਰਿਆਂ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਕੁਝ ਸਿੱਖ ਜਥੇਬੰਦੀਆਂ ਵੱਲੋਂ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਕਿਉਂਕਿ ਉਹ ਅਜਿਹੀਆਂ ਕਾਰਵਾਈਆਂ ਨੂੰ ਆਪਣੇ ਧਰਮ ਦੀ ਪਵਿੱਤਰਤਾ ਲਈ ਖ਼ਤਰਾ ਮੰਨਦੇ ਹਨ।

ਮੰਨਿਆ ਜਾ ਰਿਹਾ ਹੈ ਕਿ ਸਿੱਖ ਵੱਖਵਾਦੀਆਂ ਦੇ ਨਾਲ-ਨਾਲ ਗ਼ੈਰ-ਕਾਨੂੰਨੀ ਤੇ ਬਿਨਾਂ ਦਸਤਾਵੇਜ਼ ਪਰਵਾਸੀਆਂ ਵੱਲੋਂ ਨਿਊਯਾਰਕ ਤੇ ਨਿਊਜਰਸੀ ਦੇ ਕੁਝ ਗੁਰਦੁਆਰਿਆਂ ਦਾ ਇਸਤੇਮਾਲ ‘ਪਨਾਹ’ ਦੇ ਰੂਪ ’ਚ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਟਰੰਪ ਦੇ ਸਹੁੰ ਚੁੱਕਣ ਦੇ ਕੁਝ ਹੀ ਘੰਟਿਆਂ ਅੰਦਰ ਕਾਰਜਕਾਰੀ ਹੋਮਲੈਂਡ ਸੁਰੱਖਿਆ ਸਕੱਤਰ ਬੇਂਜਾਮਿਨ ਹਫਮੈਨ ਨੇ ਬਾਈਡਨ ਪ੍ਰਸ਼ਾਸਨ ਦੇ ਉਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਰੱਦ ਕਰ ਦਿੱਤਾ ਜਿਸ ਮੁਤਾਬਕ ਕਥਿਤ ਤੌਰ ’ਤੇ ‘ਸੰਵੇਦਨਸ਼ੀਲ’ ਖੇਤਰਾਂ ਜਾਂ ਉਨ੍ਹਾਂ ਦੇ ਆਲੇ-ਦੁਆਲੇ ਕਾਰਵਾਈ ਦੀ ਇਜਾਜ਼ਤ ਨਹੀਂ ਸੀ। ਇਨ੍ਹਾਂ ‘ਸੰਵੇਦਨਸ਼ੀਲ’ ਖੇਤਰਾਂ ’ਚ ਗੁਰਦੁਆਰੇ ਤੇ ਚਰਚ ਵਰਗੇ ਪੂਜਾ ਸਥਾਨ ਸ਼ਾਮਲ ਸਨ। ਬਾਈਡਨ ਪ੍ਰਸ਼ਾਸਨ ’ਚ ਇੱਥੇ ਇਮੀਗ੍ਰੇਸ਼ਨ, ਕਸਟਮ ਡਿਊਟੀ ਤੇ ਸਰਹੱਦੀ ਸੁਰੱਖਿਆ ਇਨਫੋਰਸਮੈਂਟ ਸਬੰਧੀ ਕਾਰਵਾਈਆਂ ਦੀ ਇਜਾਜ਼ਤ ਨਹੀਂ ਸੀ।

ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਨਾਮੀ ਸੰਸਥਾ ਦੀ ਕਾਰਜਕਾਰੀ ਡਾਇਰੈਕਟਰ ਕਿਰਨ ਕੌਰ ਗਿੱਲ ਨੇ ਉਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਰੱਦ ਕਰਨ ’ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਜਿਨ੍ਹਾਂ ’ਚ ਪੂਜਾ ਸਥਾਨਾਂ ਨੂੰ ‘ਸੰਵੇਦਨਸ਼ੀਲ ਖੇਤਰ’ ਐਲਾਨ ਕੀਤਾ ਗਿਆ ਸੀ। ਸੰਸਥਾ ਨੇ ਇਕ ਬਿਆਨ ’ਚ ਕਿਹਾ ਕਿ ਅਧਿਕਾਰੀਆਂ ਵੱਲੋਂ ਨਿਊਯਾਰਕ ਤੇ ਨਿਊਜਰਸੀ ਦੇ ਗੁਰਦੁਆਰਿਆਂ ਦਾ ਦੌਰਾ ਕਰਨ ਸਬੰਧੀ ਖ਼ਬਰਾਂ ਪਰੇਸ਼ਾਨ ਕਰਨ ਵਾਲੀਆਂ ਹਨ। ਗੁਰਦੁਆਰੇ ਸਿਰਫ਼ ਪੂਜਾ ਸਥਾਨ ਨਹੀਂ ਹਨ, ਉਹ ਮਹੱਤਵਪੂਰਨ ਸਮੂਹਕ ਕੇਂਦਰ ਹਨ ਜੋ ਸਿੱਖਾਂ ਤੇ ਇਕ ਵੱਡੇ ਸਮੂਹ ਨੂੰ ਸਹਾਇਤਾ, ਪੋਸ਼ਣ ਅਤੇ ਅਧਿਆਤਮਿਕ ਸ਼ਾਂਤੀ ਪ੍ਰਦਾਨ ਕਰਦੇ ਹਨ।

ਸਕੂਲਾਂ ਅਤੇ ਚਰਚਾਂ ’ਚ ਛਾਪੇ, ਗ੍ਰਿਫ਼ਤਾਰੀਆਂ ਵੀ ਸ਼ੁਰੂ

ਨਿਊਯਾਰਕ ਟਾਈਮਜ਼ ਮੁਤਾਬਕ, ਅਮਰੀਕੀ ਨਿਆ ਵਿਭਾਗ ਨੇ ਕਿਹਾ ਹੈ ਕਿ ਉਸ ਨੇ ਸ਼ਿਕਾਗੋ ’ਚ ਬਹੁ-ਏਜੰਸੀ ਇਨਫੋਰਸਮੈਂਟ ਮੁਹਿੰਮ ਦੇ ਤਹਿਤ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਪ ਰਾਸ਼ਟਰਪਤੀ ਜੇਡੀ ਵੇਂਸ ਨੇ ਵੀ ਸਕੂਲਾਂ ’ਤੇ ਛਾਪਿਆਂ ਦਾ ਸਮਰਥਨ ਕੀਤਾ ਹੈ ਤੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਾਲ ਸਾਡੇ ਦੇਸ਼ ’ਚ ਆਉਣ ਵਾਲੇ ਗ਼ੈਰ-ਕਾਨੂੰਨੀ ਪਰਵਾਸੀਆਂ ’ਤੇ ਇਕ ਡਰਾਉਣ ਵਾਲਾ ਅਸਰ ਪਵੇਗਾ। ਧਾਰਮਿਕ ਸਥਾਨਾਂ ਤੇ ਸਕੂਲਾਂ ’ਚ ਛਾਪਿਆਂ ਤੋਂ ਪਰਹੇਜ਼ ਨਹੀਂ ਕੀਤਾ ਜਾਣਾ ਚਾਹੀਦਾ।
  ਖਾਸ ਖਬਰਾਂ