View Details << Back    

ਵਿਗਿਆਨੀ ਹਾਸਲ ਕਰਨਗੇ ਮੀਂਹ ਰੋਕਣ ਦੀ ਮੁਹਾਰਤ, ਹੜ੍ਹ-ਸੋਕੇ ਦੀਆਂ ਘਟਨਾਵਾਂ ਰੋਕਣ ’ਚ ਮਿਲੇਗੀ ਮਦਦ

  
  
Share
  ਨਵੀਂ ਦਿੱਲੀ: ਪੌਣ ਪਾਣੀ ਤਬਦੀਲੀ ਕਾਰਨ ਦੇਸ਼ ’ਚ ਕਦੇ ਭਾਰੀ ਬਾਰਿਸ਼ ਕਾਰਨ ਹੜ੍ਹ ਆ ਜਾਂਦੇ ਹਨ, ਤਾਂ ਕਦੇ ਕੁਝ ਇਲਾਕਿਆਂ ’ਚ ਬਾਰਿਸ਼ ਨਾ ਹੋਣ ਕਾਰਨ ਸੋਕੇ ਦੇ ਹਾਲਾਤ ਬਣ ਜਾਂਦੇ ਹਨ। ਕੇਂਦਰ ਸਰਕਾਰ ਨੇ ਅਜਿਹੀਆਂ ਹੀ ਸਿਖਰਲੀਆਂ ਮੌਸਮੀ ਘਟਨਾਵਾਂ ਨਾਲ ਨਜਿੱਠਣ ਲਈ ਮਿਸ਼ਨ ਮੌਸਮ ਲਾਂਚ ਕੀਤਾ ਹੈ। ਇਸ ਨਾਲ ਮੌਸਮ ਬਾਰੇ ਸਹੀ ਅਨੁਮਾਨ ਲਗਾਉਣ ਦੇ ਨਾਲ ਬਾਰਿਸ਼ ਕਰਵਾਉਣ ਤੇ ਬਾਰਿਸ਼ ਰੋਕਣ ਦੀ ਮੁਹਾਰਤ ਵੀ ਵਿਕਸਤ ਕੀਤੀ ਜਾਏਗੀ। ਮਿਸ਼ਨ ਮੌਸਮ ਤਹਿਤ ਦੇਸ਼ ਦੇ ਵਿਗਿਆਨੀ ਅਸਮਾਨੀ ਬਿਜਲੀ ਡਿੱਗਣ ਤੇ ਬੱਦਲ ਫਟਣ ਦੀਆਂ ਘਟਨਾਵਾਂ ਨੂੰ ਵੀ ਰੋਕ ਸਕਣਗੇ। ਸਰਕਾਰ ਨੇ ਮਿਸ਼ਨ ਮੌਸਮ ਦੇ ਪਹਿਲੇ ਪੜਾਅ ਲਈ 2,000 ਕਰੋੜ ਰੁਪਏ ਅਲਾਟ ਕੀਤੇ ਹਨ। ਪਹਿਲਾ ਪੜਾਅ ਮਾਰਚ 2026 ਤੱਕ ਚੱਲੇਗਾ। ਦੂਜੇ ਪੜਾਅ ’ਚ ਨਿਗਰਾਨੀ ਦੀ ਸਮਰੱਥਾ ਵਧਾਉਣ ਲਈ ਸੈਟੇਲਾਈਟ ਤੇ ਏਅਰਕ੍ਰਾਫਟ ਦੀ ਗਿਣਤੀ ਵਧਾਈ ਜਾਏਗੀ। ਪ੍ਰਿਥਵੀ ਵਿਗਿਆਨ ਮੰਤਰਾਲੇ ਮੁਤਾਬਕ ਵਾਯੂਮੰਡਲੀ ਪ੍ਰਕਿਰਿਆਵਾਂ ਦੀ ਜਟਿਲਤਾ ਤੇ ਮੌਜੂਦਾ ਆਬਜ਼ਰਵੇਸ਼ਨ ਤੇ ਮਾਡਲ ਰੈਜ਼ੋਲਿਊਸ਼ਨ ਦੀਆਂ ਹੱਦਾਂ ਕਾਰਨ ਮੌਸਮ ਬਾਰੇ ਅਨੁਮਾਨ ਲਗਾਉਣਾ ਚੁਣੌਤੀਪੂਰਨ ਹੈ। ਆਬਜ਼ਰਵੇਸ਼ਨ ਨਾਲ ਜੁੜੇ ਘੱਟ ਅੰਕੜੇ ਤੇ ਮੌਸਮ ਦੇ ਅਨੁਮਾਨ ਦਾ ਮੌਜੂਦਾ ਮਾਡਲ ਭਾਰਤ ’ਚ ਸਥਾਨਕ ਪੱਧਰ ’ਤੇ ਮੌਸਮੀ ਘਟਨਾਵਾਂ ਬਾਰੇ ਸਹੀ ਅਨੁਮਾਨ ਨੂੰ ਮੁਸ਼ਕਲ ਬਣਾਉਂਦਾ ਹੈ। ਉੱਥੇ, ਪੌਣ ਪਾਣੀ ਤਬਦੀਲੀ ਕਾਰਨ ਸਥਾਕਨ ਪੱਧਰ ’ਤੇ ਭਾਰੀ ਬਾਰਿਸ਼ ਤੇ ਸੋਕੇ ਦੀਆਂ ਘਟਨਾਵਾਂ ਵਧ ਰਹੀਆਂ ਹਨ। ਇਸ ਨਾਲ ਹੜ੍ਹ ਤੇ ਸੋਕੇ ਦੀਆਂ ਚੁਣੌਤੀਆਂ ਪੈਦਾ ਹੁੰਦੀਆਂ ਹਨ। ਬੱਦਲ ਫਟਣ, ਅਸਮਾਨੀ ਬਿਜਲੀ ਡਿੱਗਣ ਤੇ ਹਨੇਰੀ-ਤੂਫ਼ਾਨ ਮੌਸਮ ਨਾਲ ਜੁੜੀਆਂ ਅਜਿਹੀਆਂ ਘਟਨਾਵਾਂ ਹਨ, ਜਿਨ੍ਹਾਂ ਬਾਰੇ ਭਾਰਤ ’ਚ ਬਹੁਤ ਘੱਟ ਸਮਝ ਹੈ। ਮੰਤਰਾਲੇ ਮੁਤਾਬਕ, ਇਸ ਸਥਿਤੀ ਨਾਲ ਨਜਿੱਠਣ ਲਈ ਬੱਦਲਾਂ ਦੇ ਅੰਦਰ ਤੇ ਬਾਹਰ, ਜ਼ਮੀਨ ’ਤੇ, ਉੱਪਰੀ ਵਾਯੂਮੰਡਲ ’ਚ ਮਹਾਸਾਗਰਾਂ ਦੇ ਉੱਪਰ ਤੇ ਧਰੁਵੀ ਖੇਤਰਾਂ ’ਚ ਹੋਣ ਵਾਲੀ ਮੌਸਮ ਨਾਲ ਜੁੜੀ ਹਰ ਸਰਗਰਮੀ ’ਤੇ ਖੋਜ ਦੀ ਲੋੜ ਹੈ। ਇਸ ਲਈ ਹਾਈ ਫ੍ਰੀਕੁਐਂਸੀ ਆਬਜ਼ਰਵੇਸ਼ਨ ਵਾਲੀ ਤਕਨੀਕ ਦੀ ਲੋੜ ਹੈ। ਇਸ ਤੋਂ ਇਲਾਵਾ ਛੋਟੇ ਪੱਧਰ ’ਤੇ ਮੌਸਮ ਦਾ ਅਨੁਮਾਨ ਲਗਾਉਣ ਲਈ ਮੌਜੂਦਾ ਮਾਡਲ ਹਾਰੀਜ਼ਨ ਰੈਜ਼ੋਲਿਊਸ਼ਨ ਨੂੰ 12 ਕਿਲੋਮਟੀਰ ਤੋਂ ਛੇ ਕਿਲੋਮੀਟਰ ਕਰਨਾ ਪਵੇਗਾ। ਇਸ ਨਾਲ ਮੌਸਮ ਬਾਰੇ ਪੰਚਾਇਤ ਪੱਧਰ ’ਤੇ ਸਹੀ ਅਨੁਮਾਨ ਲਗਾਇਆ ਜਾ ਸਕੇਗਾ। ਕਲਾਊਡ ਚੈਂਬਰ ਤੇ ਮੌਸਮ ਪ੍ਰਬੰਧਨ ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਐੱਮ ਰਵੀਚੰਦਰਨ ਨੇ ਕਿਹਾ ਕਿ ਮਿਸ਼ਨ ਤਹਿਤ ਵਧਦੇ ਤਾਪਮਾਨ ਦੇ ਸੰਦਰਭ ’ਚ ਬੱਦਲਾਂ ’ਚ ਹੋ ਰਹੇ ਅਧਿਐਨ ਲਈ ਇੰਡੀਅਨ ਇੰਸਟੀਚਿਊਟ ਆਫ ਮੈਟਰੋਲਾਜੀ, ਪੁਣੇ ’ਚ ਕਲਾਊਡ ਚੈਂਬਰ ਸਥਾਪਤ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਅਸੀਂ ਲੈਬ ’ਚ ਨਕਲੀ ਰੂਪ ਨਾਲ ਬੱਦਲ ਬਣਾਵਾਂਗੇ ਤੇ ਖੋਜ ਕਰਾਂਗੇ। ਇਸ ਨਾਲ ਵਿਗਿਆਨੀਆਂ ਨੂੰ ਇਨ੍ਹਾਂ ਪ੍ਰਕਿਰਿਆਵਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ’ਚ ਮਦਦ ਮਿਲੇਗੀ ਤੇ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦੇ ਬੱਦਲਾਂ ’ਚ ਸੀਡਿੰਗ ਕਰ ਕੇ ਬਾਰਿਸ਼ ਕਰਾਈ ਜਾ ਸਕਦੀ ਹੈ? ਸੀਡਿੰਗ ਲਈ ਕਿਹੋ ਜਿਹੀ ਸਮੱਗਰੀ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤੇ ਬਾਰਿਸ਼ ਵਧਾਉਣ ਜਾਂ ਬਾਰਿਸ਼ ਰੋਕਣ ਲਈ ਕਿੰਨੀ ਸੀਡਿੰਗ ਦੀ ਲੋੜ ਹੈ? ਸੀਡਿੰਗ ਇਕ ਪ੍ਰਕਿਰਿਆ ਹੈ, ਜਿਸ ਵਿਚ ਬੱਦਲਾਂ ’ਚ ਇਕ ਖ਼ਾਸ ਸਮੱਗਰੀ ਮਿਲਾ ਕੇ ਬਾਰਿਸ਼ ਕਰਵਾਈ ਜਾਂਦੀ ਹੈ। ਰਵੀਚੰਦਰਨ ਨੇ ਦੱਸਿਆ ਕਿ ਸਾਡਾ ਟੀਚਾ ਅਗਲੇ ਪੰਜ ਸਾਲਾਂ ’ਚ ਨਕਲੀ ਤਰੀਕੇ ਨਾਲ ਬਾਰਿਸ਼ ਨੂੰ ਵਧਾਉਣਾ ਤੇ ਬਾਰਿਸ਼ ਨੂੰ ਕੰਟਰੋਲ ਕਰਨਾ ਹੈ। ਇਸ ਤੋਂ ਬਾਅਦ ਅਸੀਂ ਅਸਮਾਨੀ ਬਿਜਲੀ ਵਰਗੀਆਂ ਦੂਜੀਆਂ ਮੌਸਮੀ ਘਟਨਾਵਾਂ ’ਤੇ ਫੋਕਸ ਕਰਾਂਗੇ। ਮੌਸਮ ਪ੍ਰਬੰਧਨ ਦੀ ਜ਼ਰੂਰਤ ਬਾਰੇ ਪੁੱਛੇ ਜਾਣ ’ਤੇ ਰਵੀਚੰਦਰਨ ਨੇ ਕਿਹਾ ਕਿ ਦਿੱਲੀ ’ਚ ਲਗਾਤਾਰ ਬਾਰਿਸ਼ ਨਾਲ ਹੜ੍ਹ ਆ ਸਕਦਾ ਹੈ। ਇਸ ਕਾਰਨ ਜੇਕਰ ਸਾਡੇ ਕੋਲ ਬਾਰਿਸ਼ ਰੋਕਣ ਦੀ ਤਕਨੀਕ ਹੈ, ਤਾਂ ਅਸੀਂ ਬੱਦਲਾਂ ’ਚ ਥੋੜ੍ਹੀ ਜ਼ਿਆਦਾ ਸੀਡਿੰਗ ਕਰ ਕੇ ਬਾਰਿਸ਼ ਰੋਕ ਸਕਦੇ ਹਾਂ। ਇਸੇ ਤਰ੍ਹਾਂ ਅਜਿਹੇ ਇਲਾਕਿਆਂ ’ਚ, ਜਿੱਥੇ ਅਕਸਰ ਸੋਕੇ ਦੇ ਹਾਲਾਤ ਪੈਦਾ ਹੁੰਦੇ ਹਨ, ਉੱਥੇ ਅਸੀਂ ਬਾਰਿਸ਼ ਕਰਵਾ ਕੇ ਲੋਕਾਂ ਨੂੰ ਸੋਕੇ ਤੋਂ ਬਚਾ ਸਕਦੇ ਹਾਂ। ਕਲਾਊਡ ਸੀਡਿੰਗ ਤਕਨੀਕ ਦੀ ਵਰਤੋਂ ਅਮਰੀਕਾ, ਚੀਨ, ਆਸਟ੍ਰੇਲੀਆ ਤੇ ਸੰਯੁਕਤ ਅਰਬ ਅਮੀਰਾਤ ’ਚ ਬਾਰਿਸ਼ ਕਰਵਾਉਣ ਜਾਂ ਬਾਰਿਸ਼ ਰੋਕਣ ਲਈ ਕਲਾਊਡ ਸੀਡਿੰਗ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ।
  LATEST UPDATES