View Details << Back    

ਜੋਅ ਬਾਇਡਨ ਦੀ ਛਾਤੀ ਤੋਂ ਹਟਾਇਆ ਕੈਂਸਰ ਦਾ ਜ਼ਖ਼ਮ, ਡਾਕਟਰ ਬੋਲੇ ਹੁਣ ਕੋਈ ਖ਼ਤਰਾ ਨਹੀਂ, ਪਤਨੀ ਵੀ ਹੈ ਬੇਸਲ ਸੈੱਲ ਦੀ ਸਮੱਸਿਆ ਤੋਂ ਪੀੜਤ

  
  
Share
  ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਛਾਤੀ ’ਤੇ ਬਣੇ ਜ਼ਖਮ ਬੇਸਲ ਸੈੱਲ ਕਾਰਸੀਨੋਮਾ ਨੂੰ 16 ਫਰਵਰੀ ਨੂੰ ਸਫਲਤਾਪੂਰਵਕ ਹਟਾ ਦਿੱਤਾ ਗਿਆ। ਇਹ ਇਕ ਤਰ੍ਹਾਂ ਦਾ ਚਮੜੀ ਦਾ ਕੈਂਸਰ ਹੈ। ਵ੍ਹਾਈਟ ਹਾਊਸ ਦੇ ਡਾਕਟਰ ਡੇਵਿਡ ਓਕਾਨਰ ਨੇ ਕਿਹਾ ਕਿ ਉਹ ਹੁਣ ਠੀਕ ਹਨ ਤੇ ਅੱਗੇ ਕਿਸੇ ਤਰ੍ਹਾਂ ਦੇ ਇਲਾਜ ਦੀ ਲੋੜ ਨਹੀਂ ਹੈ। ਉਨ੍ਹਾਂ ਦੀ ਪਤਨੀ ਜ਼ਿਲ ਬਾਇਡਨ ਨੇ ਵੀ ਜਨਵਰੀ ’ਚ ਸੱਜੀ ਅੱਖ ਤੇ ਛਾਤੀ ਤੋਂ ਦੋ ਬੇਸਲ ਸੈੱਲ ਹਟਵਾਏ ਸਨ। ਉਥੇ ਹੀ, ਉਨ੍ਹਾਂ ਦੇ ਪੁੱਤਰ ਬਿਊ ਦੀ 2015 ’ਚ ਬ੍ਰੇਨ ਕੈਂਸਰ ਨਾਲ ਮੌਤ ਹੋ ਗਈ ਸੀ। ਡੇਵਿਡ ਓਕਾਨਰ ਨੇ ਕਿਹਾ ਕਿ 16 ਫਰਵਰੀ ਨੂੰ ਇਕ ਰੁਟੀਨ ਸਿਹਤ ਜਾਂਚ ਦੇ ਦੌਰਾਨ ਸਾਰੇ ਕੈਂਸਰ ਟਿਸ਼ੂਜ਼ ਨੂੰ ਹਟਾ ਦਿੱਤਾ ਗਿਆ ਸੀ। ਹੁਣ ਉਹ ਵ੍ਹਾਈਟ ਹਾਊਸ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤੰਦਰੁਸਤ ਹਨ। ਛਾਤੀ ’ਤੇ ਜਿਸ ਥਾਂ ਤੋਂ ਬੇਸਲ ਸੈੱਲ ਨੂੰ ਹਟਾਇਆ ਗਿਆ ਹੈ, ਉਹ ਬਿਲਕੁਲ ਠੀਕ ਹੈ ਤੇ ਰਾਸ਼ਟਰਪਤੀ ਰੁਟੀਨ ਜਾਂਚ ਦੇ ਤੌਰ ’ਤੇ ਚਮੜੀ ਦੀ ਜਾਂਚ ਕਰਵਾਉਂਦੇ ਰਹਿਣਗੇ। ਓਕਾਨਰ ਨੇ ਕਿਹਾ ਕਿ ਬਾਇਡਨ ਨੇ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਤੋਂ ਪਹਿਲਾਂ ਆਪਣੇ ਸਰੀਰ ਤੋਂ ਕਈ ਗੈਰ-ਮੇਲੇਮੋਮਾ ਚਮੜੀ ਕੈਂਸਰ ਨੂੰ ਹਟਵਾਇਆ ਸੀ। ਉਨ੍ਹਾਂ ਦੱਸਿਆ ਕਿ ਬਾਇਡਨ ਆਪਣੀ ਜਵਾਨੀ ’ਚ ਧੁੱਪ ’ਚ ਕਾਫੀ ਸਮਾਂ ਗੁਜ਼ਾਰਦੇ ਸਨ, ਜਿਸ ਕਾਰਨ ਹੀ ਅਜਿਹਾ ਹੋਇਆ ਹੋਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਦੀ ਪਹਿਲੀ ਮਹਿਲਾ ਜ਼ਿਲ ਬਾਇਡਨ ਦੀ ਸੱਜੀ ਅੱਖ ਤੇ ਛਾਤੀ ਤੋਂ ਜਨਵਰੀ ’ਚ ਦੋ ਬੇਸਲ ਜ਼ਖਮ ਹਟਾਏ ਗਏ ਸਨ। ਜ਼ਿਲ ਨੇ ਪਿਛਲੇ ਹਫਤੇ ਇਕ ਇੰਟਰਵਿਊ ’ਚ ਕਿਹਾ ਸੀ ਕਿ ਹੁਣ ਉਹ ਸਨਸਕਰੀਨ ਲਗਾਉਣ ’ਚ ਵੱਧ ਸਾਵਧਾਨੀ ਵਰਤਦੀ ਹੈ। ਬੇਸਲ ਸੈੱਲ ਕਾਰਸੀਨੋਮਾ ਇਕ ਹੌਲੀ ਰਫਤਾਰ ਨਾਲ ਵਧਣ ਵਾਲਾ ਕੈਂਸਰ ਹੈ, ਜੋ ਆਮ ਤੌਰ ’ਤੇ ਚਮੜੀ ਦੀ ਸਤ੍ਹਾ ਤਕ ਹੀ ਸੀਮਤ ਹੁੰਦਾ ਹੈ। ਡਾਕਟਰ ਹਲਕਾ ਚੀਰਾ ਲਾ ਕੇ ਇਸ ਨੂੰ ਹਟਾ ਸਕਦੇ ਹਨ। ਇਹ ਸ਼ਾਇਦ ਹੀ ਜੀਵਨ ਲਈ ਖਤਰਾ ਬਣਦਾ ਹੈ।
  LATEST UPDATES