View Details << Back    

ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਮਾਲਿੰਡੋ ਏਅਰਲਾਈਨ ਹਫ਼ਤੇ ’ਚ 4 ਦਿਨ ਕੁਆਲਾਲੰਪੁਰ ਲਈ ਭਰੇਗੀ ਉਡਾਣ

  
  
Share
  ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 3 ਮਹੀਨੇ ਪਹਿਲਾਂ ਸ਼ੁਰੂ ਹੋਈ ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ ਲਈ ਸਿੱਧੀਆਂ ਉਡਾਣਾਂ ਹੁਣ ਹਫ਼ਤੇ ਵਿਚ 4 ਦਿਨ ਚੱਲਣਗੀਆਂ, ਜੋ ਕਿ ਪਹਿਲਾਂ ਤਿੰਨ ਦਿਨ ਹੀ ਜਾਂਦੀਆਂ ਸਨ। ਇਸ ਫਲਾਈਟ ਦੇ ਸ਼ਡਿਊਲ ਦਾ ਐਲਾਨ ਮਾਲਿੰਡੋ ਏਅਰਲਾਈਨ, ਜੋ ਹੁਣ ਬਾਟਿਕ ਏਅਰਲਾਈਨ ਦੇ ਨਾਂ ਨਾਲ ਜਾਣੀ ਜਾਂਦੀ ਹੈ, ਨੇ ਕਰ ਦਿੱਤਾ ਹੈ। ਬੀਤੇ ਦਿਨੀਂ ਇਸ ਦੀ ਆਨਲਾਈਨ ਬੁਕਿੰਗ ਸ਼ੁਰੂ ਹੋ ਗਈ ਹੈ। ਹਾਲਾਂਕਿ, ਹੁਣ ਤਕ ਇਹ ਉਡਾਣ ਹਫ਼ਤੇ ਵਿਚ 3 ਦਿਨ ਉਡਾਣ ਭਰਦੀ ਹੈ ਪਰ ਹੁਣ 1 ਜਨਵਰੀ 2023 ਤੋਂ ਫਲਾਈਟ ਸ਼ਡਿਊਲ ਹਫ਼ਤੇ ਵਿਚ ਚਾਰ ਦਿਨ ਹੋਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਕੰਪਨੀ ਨੇ ਨਵੰਬਰ ਮਹੀਨੇ ਵਿਚ ਹਫਤੇ ’ਚ ਚਾਰ ਦਿਨ ਫਲਾਈਟ ਤੈਅ ਕਰਨ ਦਾ ਫ਼ੈਸਲਾ ਕੀਤਾ ਸੀ ਪਰ ਕਿਸੇ ਕਾਰਨ ਇਹ ਨਵੰਬਰ ਵਿਚ ਨਹੀਂ ਹੋ ਸਕਿਆ। ਇਹ ਉਡਾਣ 1 ਜਨਵਰੀ ਤੋਂ ਹਰ ਹਫ਼ਤੇ ਐਤਵਾਰ, ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਉਡਾਣ ਭਰੇਗੀ। ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਗੀ ਦਾ ਸਮਾਂ ਸ਼ਾਮ 4.15 ਵਜੇ ਹੋਵੇਗਾ, ਜੋ ਉਥੋਂ ਦੇ ਸਮੇਂ ਅਨੁਸਾਰ ਦੁਪਹਿਰ 12.40 ਵਜੇ ਕੁਆਲਾਲੰਪੁਰ, ਮਲੇਸ਼ੀਆ ਪਹੁੰਚੇਗੀ। ਯਾਤਰਾ ਦਾ ਸਮਾਂ 5 ਘੰਟੇ ਤੇ 55 ਮਿੰਟ ਹੋਵੇਗਾ। ਇਸੇ ਤਰ੍ਹਾਂ ਕੁਆਲਾਲੰਪੁਰ ਤੋਂ ਫਲਾਈਟ ਸਵੇਰੇ 11.15 ਵਜੇ ਉਡਾਣ ਭਰੇਗੀ ਤੇ ਦੁਪਹਿਰ 3.15 ਵਜੇ ਅੰਮ੍ਰਿਤਸਰ ਪਹੁੰਚੇਗੀ। ਇਕ ਘੰਟੇ ਦੇ ਠਹਿਰਣ ਤੋਂ ਬਾਅਦ, ਫਲਾਈਟ ਵਾਪਸੀ ਦੇ ਸਫ਼ਰ ਲਈ ਦੁਬਾਰਾ ਉਡਾਣ ਭਰੇਗੀ। ਇਸ ਲਈ ਏਅਰਲਾਈਨ ਕੰਪਨੀ ਦੀ ਤਰਫੋਂ ਬੋਇੰਗ 737-8 ਇਸ ਰੂਟ ’ਤੇ ਉਡਾਣ ਭਰੇਗਾ। ਇਸ ਬੋਇੰਗ ਦੀ ਬੈਠਣ ਦੀ ਸਮਰੱਥਾ 172 ਸੀਟਾਂ ਹੈ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਦਾ ਸਿੱਧਾ ਸੰਪਰਕ ਆਸਟੇ੍ਰਲੀਆ ਨਾਲ ਵੀ ਜੁੜ ਜਾਵੇਗਾ ਕਿਉਂਕਿ ਆਸਟੇ੍ਰਲੀਆ ਜਾਣ ਵਾਲੇ ਲੋਕ ਇਸ ਰੂਟ ਰਾਹੀਂ ਘੱਟ ਸਮੇਂ ਵਿਚ ਪਹੁੰਚ ਸਕਣਗੇ। ਜ਼ਿਕਰਯੋਗ ਹੈ ਕਿ ਕਰੀਬ ਢਾਈ ਸਾਲਾਂ ਬਾਅਦ 9 ਸਤੰਬਰ ਨੂੰ ਮਲੇਸ਼ੀਆ ਲਈ ਸਿੱਧੀ ਉਡਾਣ ਮੁੜ ਸ਼ੁਰੂ ਹੋਈ ਸੀ।
  LATEST UPDATES