View Details << Back    

America air traffic: ਸਿਸਟਮ ’ਚ ਤਕਨੀਕੀ ਖਰਾਬੀ: 25 ਸਾਲਾਂ ’ਚ ਸਭ ਤੋਂ ਲੰਬੀ ਰੋਕ ਤੋਂ ਬਾਅਦ ਉਡਾਣਾਂ ਮੁੜ ਸ਼ੁਰੂ

  
  
Share
  ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ ਦੇ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਵਿੱਚ ਜੋੜੀ ਜਾ ਰਹੀ ਨਵੀਂ ਤਕਨੀਕ ਨੇ ਪੁਰਾਣੇ ਸਿਸਟਮਾਂ ’ਤੇ ਵਾਧੂ ਬੋਝ (ਓਵਰਲੋਡ) ਪਾ ਦਿੱਤਾ, ਜਿਸ ਕਾਰਨ ਸੰਚਾਰ ਅਤੇ ਰਡਾਰ ਸੇਵਾਵਾਂ ਵਿੱਚ ਰੁਕਾਵਟ ਆਈ ਅਤੇ ਪਿਛਲੇ 25 ਸਾਲਾਂ ਵਿੱਚ ਦੇਸ਼ ਭਰ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਉਡਾਣਾਂ ਰੋਕਣੀਆਂ (ਗਰਾਊਂਡ ਸਟੌਪ) ਪਈਆਂ। ਅਮਰੀਕਾ ਦੇ ਹਵਾਈ ਅੱਡਿਆਂ ਤੋਂ ਜ਼ਿਆਦਾਤਰ ਉਡਾਣਾਂ ਨੂੰ ਉਡਾਣ ਭਰਨ ਤੋਂ ਰੋਕੇ ਜਾਣ ਦੇ ਪੰਜ ਘੰਟਿਆਂ ਬਾਅਦ ਸ਼ੁੱਕਰਵਾਰ ਰਾਤ ਨੂੰ ਇਹ ਰੋਕ ਹਟਾ ਲਈ ਗਈ। ਇਸ ਕਾਰਨ ਪੂਰੇ ਦੇਸ਼ ਵਿੱਚ ਹਜ਼ਾਰਾਂ ਉਡਾਣਾਂ ਅਤੇ ਸੰਭਾਵੀ ਤੌਰ ’ਤੇ 10 ਲੱਖ ਤੋਂ ਵੱਧ ਯਾਤਰੀ ਪ੍ਰਭਾਵਿਤ ਹੋਏ। ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਮਲੈਂਡ ਸਕਿਓਰਿਟੀ ਸਕੱਤਰ ਮਾਰਕਵੇਨ ਮੁਲਿਨ ਨੇ ਕਿਹਾ ਕਿ ਕੋਈ ਵੀ ਖ਼ਤਰੇ ਵਿੱਚ ਨਹੀਂ ਸੀ ਕਿਉਂਕਿ 3,000 ਤੋਂ ਵੱਧ ਉਡਾਣਾਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਸੀ, ਪਰ ਟਰਾਂਸਪੋਰਟ ਸਕੱਤਰ ਸੀਨ ਡੱਫੀ ਨੇ ਕਿਹਾ ਕਿ ਉਹ ਇਸ ਗੱਲ ਦੀ ਗਰੰਟੀ ਨਹੀਂ ਦੇ ਸਕਦੇ ਕਿ ਅਜਿਹਾ ਦੁਬਾਰਾ ਨਹੀਂ ਹੋਵੇਗਾ। ਮੁਲਿਨ ਨੇ ਸਪੱਸ਼ਟ ਕੀਤਾ ਕਿ ਫੈਡਰਲ ਏਵੀਏਸ਼ਨ ਐਡਮਨਿਸਟ੍ਰੇਸ਼ਨ (FAA) ਨਵਾਂ ਉਪਕਰਨ ਅਤੇ ਨਵੀਂ ਤਕਨੀਕ ਲਗਾ ਰਿਹਾ ਸੀ, ਜਿਸ ਨੇ ਪੁਰਾਣੇ ਸਿਸਟਮ ਨੂੰ ਪ੍ਰਭਾਵਿਤ ਕੀਤਾ ਅਤੇ ਇਸ ਵਿੱਚ ਸਾਈਬਰ ਹਮਲੇ ਜਾਂ ਕਿਸੇ ਸ਼ਰਾਰਤੀ ਕਾਰਵਾਈ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਸ਼ੁੱਕਰਵਾਰ ਸ਼ਾਮ ਨੂੰ ਰੋਕ ਹਟਣ ਤੋਂ ਬਾਅਦ ਸੀਮਤ ਗਿਣਤੀ ਵਿੱਚ ਘਰੇਲੂ ਉਡਾਣਾਂ ਰਵਾਨਾ ਹੋਣੀਆਂ ਸ਼ੁਰੂ ਹੋ ਗਈਆਂ, ਹਾਲਾਂਕਿ ਏਅਰਲਾਈਨਾਂ ਨੂੰ ਪੂਰੀ ਤਰ੍ਹਾਂ ਆਮ ਵਾਂਗ ਹੋਣ ਵਿੱਚ ਕਈ ਦਿਨ ਲੱਗ ਸਕਦੇ ਹਨ। ਹਵਾਬਾਜ਼ੀ ਵਿਸ਼ਲੇਸ਼ਣ ਕੰਪਨੀ ਸੀਰੀਅਮ ਅਨੁਸਾਰ ਘੱਟੋ-ਘੱਟ 827 ਉਡਾਣਾਂ ਦਾ ਰਸਤਾ ਬਦਲਿਆ ਗਿਆ, ਜਿਨ੍ਹਾਂ ਵਿੱਚੋਂ 670 ਉਡਾਣਾਂ ਨੂੰ ਵਾਪਸ ਉਸੇ ਹਵਾਈ ਅੱਡੇ ’ਤੇ ਭੇਜ ਦਿੱਤਾ ਗਿਆ ਜਿੱਥੋਂ ਉਨ੍ਹਾਂ ਨੇ ਉਡਾਣ ਭਰੀ ਸੀ, ਜਦੋਂ ਕਿ 157 ਨੂੰ ਦੂਜੇ ਹਵਾਈ ਅੱਡਿਆਂ ਵੱਲ ਮੋੜਿਆ ਗਿਆ। ਉਡਾਣਾਂ ਰੁਕਣ ਵੇਲੇ ਅਸਮਾਨ ਵਿੱਚ 3,500 ਜਹਾਜ਼ ਸਨ, ਜੋ ਬਾਅਦ ਵਿੱਚ ਘਟ ਕੇ 400 ਤੋਂ ਵੀ ਘੱਟ ਰਹਿ ਗਏ।
  LATEST UPDATES