View Details << Back    

Canada Job Crisis: ਕੈਨੇਡਾ ਵਿਚ ਅਗਸਤ ਦੌਰਾਨ 41,000 ਤੋਂ ਵੱਧ ਨੌਕਰੀਆਂ ਖੁੱਸੀਆਂ

  
  
Share
  Canada Job Crisis: ਕੈਨੇਡਾ ਵਿਚ ਅਗਸਤ ਦੌਰਾਨ 41,700 ਨੌਕਰੀਆਂ ਖੁੱਸੀਆਂ ਹਨ। ਦੂਜੇ ਪਾਸੇ ਇੰਨੇ ਵੱਡੇ ਪੱਧਰ ’ਤੇ ਨੌਕਰੀਆਂ ਜਾਣ ਦੇ ਬਾਵਜੂਦ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ 6.4% ’ਤੇ ਸਥਿਰ ਬਣੀ ਰਹੀ ਹੈ। ਇਸ ਤੋਂ ਪਹਿਲਾਂ ਵਿਸ਼ਲੇਸ਼ਕਾਂ ਦੇ ਸਰਵੇਖਣ ਵਿੱਚ ਇਹ ਪੇਸ਼ੀਨਗੋਈ ਕੀਤੀ ਸੀ ਕਿ ਜੁਲਾਈ ਦੇ ਮਹੀਨੇ ਦੌਰਾਨ ਹੋਏ 75,100 ਨੌਕਰੀਆਂ ਦੇ ਭਾਰੀ ਵਾਧੇ ਤੋਂ ਬਾਅਦ ਅਗਸਤ ਵਿੱਚ ਲਗਪਗ 15,000 ਨੌਕਰੀਆਂ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਪਰ ਅਸਲ ਹਾਲਾਤ ਇਸ ਦੇ ਬਿਲਕੁਲ ਉਲਟ ਰਹੇ ਅਤੇ ਰੁਜ਼ਗਾਰ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਇਹ ਖੁਲਾਸਾ ਆਰਥਿਕ ਰਿਪੋਰਟ ਵਿਚ ਹੋਇਆ ਹੈ। ਇਹ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਵਿੱਤੀ ਬਾਜ਼ਾਰਾਂ ਵਿੱਚ ਤੁਰੰਤ ਪ੍ਰਤੀਕਿਰਿਆ ਦੇਖਣ ਨੂੰ ਮਿਲੀ, ਜਿਸ ਕਾਰਨ ਕੈਨੇਡੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 0.51% ਡਿੱਗ ਕੇ C$1.3860 'ਤੇ ਆ ਗਿਆ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਪਿਛਲੇ ਸਾਲ ਤੋਂ ਪਰਵਾਸੀਆਂ ਨੂੰ ਦੋਹਰੀ ਮਾਰ ਪੈ ਰਹੀ ਹੈ। ਇਕ ਤਾਂ ਕੈਨੇਡਾ ਸਰਕਾਰ ਨੇ ਪੱਕੇ ਹੋਣ ਦੇ ਨਿਯਮ ਸਖਤ ਕਰ ਦਿੱਤੇ ਹਨ। ਦੂਜੇ ਪਾਸੇ ਨੌਕਰੀਆਂ ਜਾਣ ਦਾ ਖਦਸ਼ਾ ਬਰਕਰਾਰ ਹੈ ਤੇ ਨੌਕਰੀਆਂ ਲੱਭਣ ਲਈ ਨੌਜਵਾਨਾਂ ਨੂੰ ਜੂਝਣਾ ਪੈ ਰਿਹਾ ਹੈ। ਵੱਖ-ਵੱਖ ਸੈਕਟਰਾਂ ਵਿੱਚ ਨੌਕਰੀਆਂ ਘਟੀਆਂ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਜ਼ਿਆਦਾਤਰ ਨੌਕਰੀਆਂ ਦਾ ਨੁਕਸਾਨ ਫੁੱਲ-ਟਾਈਮ ਰੁਜ਼ਗਾਰ ਵਿੱਚ ਦੇਖਿਆ ਗਿਆ ਹੈ ਜਿੱਥੇ ਕੁੱਲ 35,900 ਅਹੁਦੇ ਘਟ ਗਏ ਹਨ, ਜਦੋਂ ਕਿ ਪਾਰਟ-ਟਾਈਮ ਰੁਜ਼ਗਾਰ ਵਿੱਚ ਵੀ 5,800 ਨੌਕਰੀਆਂ ਦੀ ਕਮੀ ਆਈ ਹੈ। ਸੇਵਾ-ਉਤਪਾਦਨ ਉਦਯੋਗਾਂ ਜਿਵੇਂ ਕਿ ਸਿਹਤ ਸੰਭਾਲ, ਸਿੱਖਿਆ, ਆਵਾਜਾਈ ਅਤੇ ਵਿੱਤ ਨੂੰ ਇਸ ਮੰਦੀ ਦਾ ਸਭ ਤੋਂ ਵੱਡਾ ਨੁਕਸਾਨ ਝੱਲਣਾ ਪਿਆ ਹੈ ਅਤੇ ਅਗਸਤ ਮਹੀਨੇ ਦੌਰਾਨ ਇਕੱਲੇ ਇਸ ਸੈਕਟਰ ਨੇ 51,500 ਨੌਕਰੀਆਂ ਗੁਆ ਦਿੱਤੀਆਂ ਹਨ। ਇਸ ਤੋਂ ਇਲਾਵਾ, ਦੇਸ਼ ਵਿੱਚ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ 0.3 ਫ਼ੀਸਦੀ ਵਧ ਕੇ 12.9% ਤੱਕ ਪਹੁੰਚ ਗਈ ਹੈ ਅਤੇ ਸਥਾਈ ਕਰਮਚਾਰੀਆਂ ਦੀ ਔਸਤ ਪ੍ਰਤੀ ਘੰਟਾ ਉਜਰਤ ਵਿੱਚ ਵੀ ਗਿਰਾਵਟ ਆ ਕੇ ਇਹ ਸਿਰਫ਼ 2% ਰਹਿ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਵੇਂ 50% ਟੈਰਿਫਾਂ ਦੇ ਪ੍ਰਭਾਵ ਅਤੇ ਕੈਨੇਡਾ ਦੀਆਂ ਜਵਾਬੀ ਕਾਰਵਾਈਆਂ ਦੇ ਲਾਗੂ ਹੋਣ ਕਾਰਨ ਕੈਨੇਡਾ ਦੇ ਲੇਬਰ ਮਾਰਕੀਟ ਦੀ ਇਸ ਪਹਿਲਾਂ ਹੀ ਮੱਧਮ ਪੈ ਚੁੱਕੀ ਗਤੀ ਨੂੰ ਹੋਰ ਵੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
  LATEST UPDATES