View Details << Back    

US-SANCTIONS-EXEMPTION: ਰੂਸੀ ਤੇਲ ਦੀ ਖਰੀਦ ’ਤੇ ਅਮਰੀਕਾ ਵੱਲੋਂ ਮਹੀਨੇ ਦੀ ਹੋਰ ਛੋਟ

  
  
Share
  US-SANCTIONS-EXEMPTION: ਅਮਰੀਕਾ ਨੇ ਰੂਸੀ ਪੈਟਰੋਲੀਅਮ ਪਦਾਰਥਾਂ ਦੀ ਖਰੀਦ ’ਤੇ ਲਾਈਆਂ ਪਾਬੰਦੀਆਂ ਤੋਂ ਮਿਲਣ ਵਾਲੀ ਛੋਟ ਨੂੰ ਇੱਕ ਮਹੀਨੇ ਲਈ ਹੋਰ ਵਧਾ ਦਿੱਤਾ ਹੈ। ਇਹ ਫੈਸਲਾ ਉਸ ਵੇਲੇ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਵਾਸ਼ਿੰਗਟਨ ਨੇ ਇਸ ਵਿਸ਼ੇਸ਼ ਰਿਆਇਤ ਨੂੰ ਅੱਗੇ ਨਾ ਵਧਾਉਣ ਦਾ ਸੰਕੇਤ ਦਿੱਤਾ ਸੀ। ਅਮਰੀਕੀ ਵਿੱਤ ਵਿਭਾਗ (Department of Treasury) ਵੱਲੋਂ ਸ਼ੁੱਕਰਵਾਰ ਦੇਰ ਰਾਤ ਜਾਰੀ ਕੀਤੇ ਗਏ ਤਾਜ਼ਾ ਹੁਕਮਾਂ ਅਨੁਸਾਰ, ਜਿਹੜਾ ਰੂਸੀ ਤੇਲ 17 ਅਪਰੈਲ ਜਾਂ ਉਸ ਤੋਂ ਪਹਿਲਾਂ ਸਮੁੰਦਰੀ ਜਹਾਜ਼ਾਂ ਰਾਹੀਂ ਰਵਾਨਾ ਹੋ ਚੁੱਕਾ ਹੈ, ਉਸ ਦੀ ਖਰੀਦ ’ਤੇ 16 ਮਈ ਤੱਕ ਪਾਬੰਦੀਆਂ ਤੋਂ ਛੋਟ ਰਹੇਗੀ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਸਪੱਸ਼ਟ ਕੀਤਾ ਸੀ ਕਿ ਵਾਸ਼ਿੰਗਟਨ ਰੂਸੀ ਅਤੇ ਇਰਾਨੀ ਤੇਲ ’ਤੇ ਮਿਲ ਰਹੀ ਛੋਟ ਦਾ ਨਵੀਨੀਕਰਨ ਨਹੀਂ ਕਰੇਗਾ। ਪਰ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਅਸਮਾਨੀ ਚੜ੍ਹ ਰਹੀਆਂ ਕੀਮਤਾਂ ਅਤੇ ਸਪਲਾਈ ਚੇਨ ਦੇ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਅਮਰੀਕਾ ਨੂੰ ਆਪਣੇ ਕਦਮ ਪਿੱਛੇ ਖਿੱਚਣੇ ਪਏ ਹਨ। ਇਸ ਤੋਂ ਪਹਿਲਾਂ ਭਾਰਤ ਨੂੰ 5 ਮਾਰਚ ਤੋਂ ਇੱਕ ਮਹੀਨੇ ਲਈ ਇਹ ਵਿਸ਼ੇਸ਼ ਛੋਟ ਦਿੱਤੀ ਗਈ ਸੀ, ਜਿਸ ਤੋਂ ਬਾਅਦ ਹੋਰ ਮੁਲਕਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਸੀ। ਇਹ ਛੋਟ ਸਿਰਫ ਉਸ ਤੇਲ ਲਈ ਹੈ ਜੋ 17 ਅਪਰੈਲ 2026 ਤੱਕ ਜਹਾਜ਼ਾਂ ’ਤੇ ਲੱਦਿਆ ਜਾ ਚੁੱਕਾ ਸੀ। ਇਹ ਰਾਹਤ 16 ਮਈ ਤੱਕ ਲਾਗੂ ਰਹੇਗੀ। ਇਰਾਨ, ਉੱਤਰੀ ਕੋਰੀਆ, ਕਿਊਬਾ ਜਾਂ ਯੂਕਰੇਨ ਦੇ ਕਬਜ਼ੇ ਵਾਲੇ ਹਿੱਸਿਆਂ ਨਾਲ ਜੁੜੇ ਕਿਸੇ ਵੀ ਵਿਅਕਤੀ ਜਾਂ ਸੰਸਥਾ ਨਾਲ ਲੈਣ-ਦੇਣ ’ਤੇ ਪਾਬੰਦੀ ਬਰਕਰਾਰ ਰਹੇਗੀ। ਮਾਹਰਾਂ ਦਾ ਮੰਨਣਾ ਹੈ ਕਿ ਅਮਰੀਕਾ ਅਤੇ ਇਰਾਨ ਦਰਮਿਆਨ ਜੰਗੀ ਹਾਲਾਤ ਕਾਰਨ ਤੇਲ ਦੀਆਂ ਕੀਮਤਾਂ ਕਾਫੀ ਵਧ ਗਈਆਂ ਹਨ। ਅਜਿਹੇ ਵਿੱਚ ਰੂਸੀ ਤੇਲ ਦੇ ਲਗਭਗ 140 ਮਿਲੀਅਨ ਬੈਰਲ ਨੂੰ ਬਾਜ਼ਾਰ ਵਿੱਚ ਆਉਣ ਦੀ ਇਜਾਜ਼ਤ ਦੇਣਾ ਗਲੋਬਲ ਆਰਥਿਕਤਾ ਨੂੰ ਸੰਭਾਲਣ ਦੀ ਇੱਕ ਕੋਸ਼ਿਸ਼ ਹੈ।
  LATEST UPDATES