View Details << Back    

Raghav chadha ਨੇ ਹੋਰ ਸਟੇਸ਼ਨ ਫੜ ਲਿਆ: Bhagwant mann

  
  
Share
  ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੱਲੋਂ ਵੀਡੀਓ ਸਾਂਝੀ ਕੀਤੇ ਜਾਣ ਮਗਰੋਂ ਕਿਹਾ ਕਿ ਹੁਣ ਕੋਈ ਸ਼ੱਕ ਨਹੀਂ ਰਿਹਾ ਕਿ ਉਸ ਨੇ ਕੋਈ ਹੋਰ ਸਟੇਸ਼ਨ ਫੜ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇ ਕੋਈ ਪਾਰਟੀ ਦੀ ਲਾਈਨ ਖ਼ਿਲਾਫ਼ ਜਾਵੇਗਾ ਤਾਂ ਉਸ ਵਿਰੁੱਧ ਕਾਰਵਾਈ ਹੋਵੇਗੀ। ਰਾਘਵ ਚੱਢਾ ਨੇ ਸਮਝੌਤਾ ਕਰ ਲਿਆ ਹੈ ਅਤੇ ਪੰਜਾਬ ਦੇ ਅਹਿਮ ਮੁੱਦਿਆਂ ਦੀ ਥਾਂ ’ਤੇ ਉਸ ਨੇ ਸੰਸਦ ’ਚ ਸਮੋਸਿਆਂ ਅਤੇ ਪੀਜ਼ਿਆਂ ਦੀ ਡਲਿਵਰੀ ਦੀ ਗੱਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਦੀ ਖ਼ਾਸ ਲਾਈਨ ਦੇ ਉਲਟ ਜੇ ਉਹ ਅਹਿਮ ਮਾਮਲਿਆਂ ’ਤੇ ਸੰਸਦ ’ਚੋਂ ਵਾਕਆਊਟ ਨਹੀਂ ਕਰਦੇ, ਪਾਰਟੀ ਵਰਕਰਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਉਤੇ ਗੁਜਰਾਤ ਸਰਕਾਰ ਖ਼ਿਲਾਫ਼ ਨਹੀਂ ਬੋਲਦੇ ਤਾਂ ਕਾਰਵਾਈ ਤਾਂ ਕਰਨੀ ਹੀ ਪੈਣੀ ਸੀ ਕਿਉਂਕਿ ਇਹ ਪਾਰਟੀ ਵ੍ਹਿੱਪ ਵਿਰੁੱਧ ਕਦਮ ਹੈ। ਉਂਝ ਉਨ੍ਹਾਂ ਇਹ ਵੀ ਤਰਕ ਦਿੱਤਾ ਕਿ ਸਾਰੀਆਂ ਪਾਰਟੀਆਂ ਸੰਸਦ ’ਚ ਆਪਣੇ ਨੇਤਾ ਬਦਲਦੀਆਂ ਰਹਿੰਦੀਆਂ ਹਨ। ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ 2014 ਤੋਂ 2019 ਦਰਮਿਆਨ ਡਾ. ਧਰਮਵੀਰ ਗਾਂਧੀ ਲੋਕ ਸਭਾ ’ਚ ਪਾਰਟੀ ਦੇ ਨੇਤਾ ਸਨ ਪਰ ਮਗਰੋਂ ਉਹ (ਮਾਨ) ਨੇਤਾ ਬਣੇ ਸਨ। ਚੇਤੇ ਰਹੇ ਕਿ ‘ਆਪ’ ਨੇ ਰਾਘਵ ਚੱਢਾ ਨੂੰ ਰਾਜ ਸਭਾ ’ਚ ਪਾਰਟੀ ਦੇ ਉਪ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਜਦੋਂ ਕਈ ਮੁੱਦਿਆਂ ’ਤੇ ਸਦਨ ’ਚੋਂ ਵਾਕਆਊਟ ਕਰਨ ਦੀ ਗੱਲ ਆਉਂਦੀ ਹੈ ਤਾਂ ਰਾਘਵ ਚੱਢਾ ਅਜਿਹਾ ਨਹੀਂ ਕਰਦੇ। ਦਿੱਲੀ ਦੇ ਸੂਬਾ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਰਾਘਵ ਨੇ ਪੰਜਾਬ ਅਤੇ ਪਾਰਟੀ ਨਾਲ ਸਬੰਧਤ ਹੋਰ ਮੁੱਦੇ ਸਦਨ ’ਚ ਨਹੀਂ ਚੁੱਕੇ। ਆਤਿਸ਼ੀ ਨੇ ਕਿਹਾ ਕਿ ਰਾਘਵ ਚੱਢਾ ਭਾਜਪਾ ਤੋਂ ਡਰਦੇ ਹਨ ਕਿਉਂਕਿ ਉਹ ਸਰਕਾਰ ਨੂੰ ਕੋਈ ਸਵਾਲ ਨਹੀਂ ਕਰਦੇ ਸਨ। ਸੂਤਰਾਂ ਮੁਤਾਬਕ ਹੁਣ ‘ਆਪ’ ਦੀ ਸੰਸਦੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ’ਤੇ ਸਾਰੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਉਧਰ ਰਾਘਵ ਚੱਢਾ ਨੇ ਅੱਜ ਵੀਡੀਓ ਸੰਦੇਸ਼ ’ਚ ਕਿਹਾ ਕਿ ‘ਆਪ’ ਲੀਡਰਸ਼ਿਪ ਉਸ ਨੂੰ ਚੁੱਪ ਕਰਾ ਸਕਦੀ ਹੈ ਪਰ ਹਰਾ ਨਹੀਂ ਸਕਦੀ ਹੈ, ਜਦ ਸਮਾਂ ਆਵੇਗਾ ਤਾਂ ਸਭ ਕੁੱਝ ਸਪੱਸ਼ਟ ਕਰ ਦਿਆਂਗਾ। ਉਨ੍ਹਾਂ ਕਿਹਾ ਕਿ ਜੋ ਡਰ ਗਿਆ, ਉਹ ਮਰ ਗਿਆ। ਚੱਢਾ ਨੇ ‘ਆਪ’ ਨੂੰ ਸਵਾਲ ਕੀਤਾ ਕਿ ਉਹ ਲੋਕ ਹਿੱਤ ਦੇ ਮੁੱਦਿਆਂ ਬਾਰੇ ਉਨ੍ਹਾਂ ਨੂੰ ਕਿਉਂ ਚੁੱਪ ਕਰਾਉਣਾ ਚਾਹੁੰਦੀ ਹੈ। ਚੱਢਾ ਨੇ ਕਿਹਾ, ‘‘ਕੀ ਆਮ ਲੋਕਾਂ ਦੇ ਮੁੱਦੇ ਚੁੱਕਣਾ ਪਾਪ ਹੈ? ਮੈਂ ਹਵਾਈ ਅੱਡਿਆਂ ’ਤੇ ਵਿਕਣ ਵਾਲੇ ਮਹਿੰਗੇ ਖਾਣੇ, ਰੀਚਾਰਜ ਅਤੇ ਬੈਂਕਾਂ ਦੇ ਗੁਪਤ ਚਾਰਜਾਂ ਆਦਿ ਬਾਰੇ ਸਦਨ ’ਚ ਗੱਲ ਕੀਤੀ।’’ ਗ਼ੌਰਤਲਬ ਹੈ ਕਿ ਪੰਜਾਬ ’ਚ ਜਦੋਂ ‘ਆਪ’ ਸਰਕਾਰ ਬਣੀ ਸੀ ਤਾਂ ਪਹਿਲੇ ਦੋ ਵਰ੍ਹਿਆਂ ਦੌਰਾਨ ਰਾਘਵ ਚੱਢਾ ਦੀ ਤੂਤੀ ਬੋਲਦੀ ਰਹੀ ਸੀ। ਚੱਢਾ ਨੂੰ ਮਿਲਣ ਲਈ ਸਿਆਸੀ ਆਗੂਆਂ ਅਤੇ ਅਧਿਕਾਰੀਆਂ ਦੀਆਂ ਕਤਾਰਾਂ ਲੱਗਦੀਆਂ ਸਨ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਜੇਲ੍ਹ ’ਚੋਂ ਬਾਹਰ ਆਉਣ ਮਗਰੋਂ ਰਾਘਵ ਚੱਢਾ ਸਿਆਸੀ ਦ੍ਰਿਸ਼ ’ਚੋਂ ਗ਼ਾਇਬ ਹੋਣੇ ਸ਼ੁਰੂ ਹੋ ਗਏ ਸਨ। ‘ਆਪ’ ਨੂੰ ਭਾਜਪਾ ਵੱਲੋਂ ਰਾਘਵ ਚੱਢਾ ਨੂੰ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ’ਚ ਵਰਤੇ ਜਾਣ ਦਾ ਵੀ ਖ਼ਦਸ਼ਾ ਹੈ।
  LATEST UPDATES