View Details << Back    

ਪਿੰਡ ਧਨੌਲਾ 'ਚ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ, ਸੂਰ ਪਾਲਕਾਂ ਨੂੰ ਬੀਮਾਰੀ ਤੋਂ ਬਚਾਅ ਲਈ ਇਹਤਿਆਤ ਵਰਤਣ ਦੀ ਅਪੀਲ

  
  
Share
  ਚੰਡੀਗੜ੍ਹ : ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਇੱਥੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਪਿੰਡ ਧਨੌਲਾ ਵਿੱਚੋਂ ਭੇਜੇ ਗਏ ਸੂਰ ਦੇ ਸੈਂਪਲ ਵਿੱਚ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ ਹੋਈ ਹੈ ਜਿਸ ਪਿੱਛੋਂ ਇਸ ਖੇਤਰ ਨੂੰ ਪ੍ਰਭਾਵਤ ਜ਼ੋਨ ਐਲਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚੋਂ ਵੀ ਤਿੰਨ ਸ਼ੱਕੀ ਸੈਂਪਲ ਭੇਜੇ ਗਏ ਸਨ ਪਰ ਸਾਰੇ ਸੈਂਪਲ ਨੈਗੇਟਿਵ ਆਏ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਭੋਪਾਲ ਦੀ ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈ.ਸੀ.ਏ.ਆਰ.)-ਕੌਮੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ, ਵੱਲੋਂ ਇਹ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਧਨੌਲਾ ਵਿੱਚ ਬੀਮਾਰੀ ਦੇ ਕੇਂਦਰ ਤੋਂ 0 ਤੋਂ ਇੱਕ ਕਿਲੋਮੀਟਰ ਤੱਕ ਦੇ ਖੇਤਰ "ਸੰਕ੍ਰਮਣ ਜ਼ੋਨ" ਅਤੇ 1 ਤੋਂ 10 ਕਿਲੋਮੀਟਰ (9 ਕਿਲੋਮੀਟਰ) ਤੱਕ ਦੇ ਖੇਤਰ "ਨਿਗਰਾਨੀ ਜ਼ੋਨ" ਐਲਾਨਿਆ ਗਿਆ ਹੈ। ਇਸ ਖੇਤਰ ਤੋਂ ਕੋਈ ਜ਼ਿੰਦਾ/ਮਰਿਆ ਸੂਰ, ਸੂਰ ਦਾ ਮੀਟ ਜਾਂ ਉਸ ਨਾਲ ਕੋਈ ਸਬੰਧਤ ਸਮੱਗਰੀ ਨਾ ਬਾਹਰ ਲਿਜਾਈ ਜਾਵੇਗੀ ਅਤੇ ਨਾ ਅੰਦਰ ਲਿਆਂਦੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਵਿਭਾਗ ਦੇ ਮੁਲਾਜ਼ਮਾਂ ਨੂੰ ਨਿਗਰਾਨੀ ਜ਼ੋਨ ਵਿੱਚ ਵੀ ਕਰੜੀ ਨਜ਼ਰ ਰੱਖਣ ਦੀ ਹਦਾਇਤ ਕੀਤੀ ਗਈ ਹੈ।
  LATEST UPDATES