View Details << Back

ਬਸਪਾ ਨੇ ਆਜ਼ਮਗੜ੍ਹ ਸੰਸਦੀ ਹਲਕੇ ਤੋਂ ਸ਼ਾਹ ਆਲਮ ਨੂੰ ਉਮੀਦਵਾਰ ਐਲਾਨਿਆ

  ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਮਾਇਆਵਤੀ ਨੇ ਅੱਜ ਸਾਬਕਾ ਵਿਧਾਇਕ ਸ਼ਾਹ ਆਲਮ ਉਰਫ਼ ਗੁੱਡੂ ਜਮਾਲੀ ਨੂੰ ਆਜ਼ਮਗੜ੍ਹ ਲੋਕ ਸਭਾ ਹਲਕੇ ਤੋਂ ਹੋਣ ਵਾਲੀ ਉਪ ਚੋਣ ਲਈ ਪਾਰਟੀ ਵੱਲੋਂ ਉਮੀਦਵਾਰ ਐਲਾਨਿਆ ਹੈ। ਇਹ ਸੀਟ ਸਪਾ ਪ੍ਰਧਾਨ ਅਖਿਲੇਸ਼ ਯਾਦਵ ਦੇ ਸੰਸਦੀ ਸੀਟ ਤੋਂ ਅਸਤੀਫਾ ਦਿੱਤੇ ਜਾਣ ਕਾਰਨ ਖਾਲੀ ਹੋਈ ਹੈ।
ਮਾਇਆਵਤੀ ਨੇ ਅੱਜ ਇੱਥੇ ਵਿਧਾਨ ਸਭਾ ਚੋਣਾਂ ’ਚ ਹੋਈ ਪਾਰਟੀ ਦੀ ਹਾਰ ਦੇ ਕਾਰਨਾਂ ਬਾਰੇ ਚਿੰਤਨ ਕਰਨ ਲਈ ਸੱਦੀ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ। ਇਸੇ ਦੌਰਾਨ ਮਾਇਆਵਤੀ ਨੇ ਸੂਬਾ ਪ੍ਰਧਾਨ, ਵਿਧਾਨ ਸਭਾ ’ਚ ਪਾਰਟੀ ਦੇ ਬੁਲਾਰੇ ਤੇ ਜ਼ਿਲ੍ਹਾ ਪ੍ਰਧਾਨਾਂ ਦੇ ਅਹੁਦੇ ਛੱਡ ਕੇ ਪਾਰਟੀ ਦੀਆਂ ਬਾਕੀ ਸਾਰੀਆਂ ਇਕਾਈਆਂ ਭੰਗ ਕਰ ਦਿੱਤੀਆਂ ਹਨ। ਉਨ੍ਹਾਂ ਪਾਰਟੀ ਪ੍ਰਧਾਨ ਦੇ ਅਹੁਦੇ ’ਤੇ ਭੀਮ ਰਾਜਭਰ ਨੂੰ ਬਰਕਰਾਰ ਰੱਖਦਿਆਂ ਤਿੰਨ ਕੋਆਰਡੀਨੇਟਰਾਂ ਦੇ ਅਹੁਦੇ ਮੇਰਠ ਤੋਂ ਸੰਸਦ ਮੈਂਬਰ ਮੁਕੰਦ ਅਲੀ, ਬੁਲੰਦਸ਼ਹਿਰ ਤੋਂ ਰਾਜਕੁਮਾਰ ਗੌਤਮ ਅਤੇ ਸਾਬਕਾ ਐੱਮਐੱਲਸੀ (ਆਜ਼ਮਗੜ੍ਹ) ਡਾ. ਵਿਜੈ ਪ੍ਰਤਾਪ ਨੂੰ ਸੌਂਪੇ ਹਨ। ਇਸ ਸਬੰਧੀ ਜਾਰੀ ਬਿਆਨ ਵਿੱਚ ਕਿਹਾ ਕਿ ਇਹ ਤਿੰਨੇ ਕੋਆਰਡੀਨੇਟਰ ਸੂਬੇ ਦੀਆਂ ਸਾਰੀਆਂ 18 ਡਿਵੀਜ਼ਨਾਂ ’ਚ ਜਾਣਗੇ ਅਤੇ ਪਾਰਟੀ ਮੁਖੀ ਮਾਇਆਵਤੀ ਦੇ ਨਿਰਦੇਸ਼ਾਂ ’ਤੇ ਅਮਲ ਯਕੀਨੀ ਬਣਾਉਣਗੇ ਤੇ ਉਨ੍ਹਾਂ ਕੋਲ ਰਿਪੋਰਟ ਦਾਇਰ ਕਰਨਗੇ। ਜ਼ਿਕਰਯੋਗ ਹੈ ਕਿ 22 ਮਾਰਚ ਨੂੰ ਅਖਿਲੇਸ਼ ਯਾਦਵ ਨੇ ਕਰਹਲ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਲਈ ਲੋਕ ਸਭਾ ਸੀਟ ਆਜ਼ਮਗੜ੍ਹ ਤੋਂ ਅਸਤੀਫਾ ਦੇ ਦਿੱਤਾ ਸੀ।
  ਖਾਸ ਖਬਰਾਂ