View Details << Back

ਭਗਵੰਤ ਮਾਨ ਵੱਲੋਂ ਲੋਕ ਸਭਾ ਤੋਂ ਅਸਤੀਫ਼ਾ

  ਪੰਜਾਬ ਦੇ ਅਗਲੇ ਮੁੱਖ ਮੰਤਰੀ ਵਜੋਂ ਮਨੋਨੀਤ ਭਗਵੰਤ ਮਾਨ ਨੇ ਅੱਜ ਲੋਕ ਸਭਾ ਦੀ ਮੈਂਬਰੀਂ ਤੋਂ ਅਸਤੀਫ਼ਾ ਦੇ ਦਿੱਤਾ। ਉਹ 2019 ਦੀਆਂ ਆਮ ਚੋਣਾਂ ਵਿੱਚ ਲਗਾਤਾਰ ਦੂਜੀ ਵਾਰ ਸੰਗਰੂਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ। ਮਾਨ ਨੇ ਅੱਜ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਰਸਮੀ ਤੌਰ ’ਤੇ ਆਪਣਾ ਅਸਤੀਫ਼ਾ ਸੌਂਪਿਆ। ਮਾਨ ਹੁਣ 16 ਮਾਰਚ ਨੂੰ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਚ ਪੰਜਾਬ ਦੇ ਅਗਲੇ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ।
ਭਗਵੰਤ ਮਾਨ ਨੇ ਸਪੀਕਰ ਓਮ ਬਿਰਲਾ ਨੂੰ ਆਪਣਾ ਅਸਤੀਫ਼ਾ ਦੇਣ ਤੋਂ ਪਹਿਲਾਂ ਅੱਜ ਆਖਰੀ ਵਾਰ ਲੋਕ ਸਭਾ ਦੀ ਕਾਰਵਾਈ ਵਿੱਚ ਹਿੱਸਾ ਲਿਆ। ਅਸਤੀਫ਼ਾ ਦੇਣ ਮਗਰੋਂ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਦਨ ਦੀ ਯਾਦ ਆਏਗੀ, ਪਰ ਹੁਣ ਵੱਡੀ ਜ਼ਿੰਮੇਵਾਰੀ ਨਿਭਾਉਣੀ ਹੈ। ਪੰਜਾਬ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ, ‘‘ਮੈਂ ਇਸ ਸਦਨ ਨੂੰ ਯਾਦ ਕਰਾਂਗਾ। ਪੰਜਾਬ ਦੇ ਲੋਕਾਂ ਨੇ ਮੈਨੂੰ ਪੂਰੇ ਸੂਬੇ ਦੀ ਸੇਵਾ ਲਈ ਇਕ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਮੈਂ ਸੰਗਰੂਰ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਸੰਗਰੂਰ ਤੋਂ ਤੁਹਾਡੀ ਇਕ ਹੋਰ ਆਵਾਜ਼ ਛੇਤੀ ਹੀ ਲੋਕ ਸਭਾ ਵਿੱਚ ਗੂੰਜੇਗੀ।’’ ਪੰਜਾਬ ਜਿਹੇ ਸਰਹੱਦੀ ਸੂਬੇ ਨੂੰ ਚਲਾਉਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮਾਨ ਨੇ ਕਿਹਾ, ‘‘ਮੈਂ ਪਿਛਲੇ ਸੱਤ ਸਾਲ ਤੋਂ ਸੰਸਦ ਮੈਂਬਰ ਹਾਂ। ਸਾਨੂੰ (ਆਪ) ਪ੍ਰਸ਼ਾਸਨ ਚਲਾਉਣ ਦਾ ਤਜਰਬਾ ਹੈ। ਅਸੀਂ ਲਗਾਤਾਰ ਤੀਜੀ ਵਾਰ ਦਿੱਲੀ ਵਿੱਚ ਸਰਕਾਰ ਚਲਾ ਰਹੇ ਹਾਂ। ਅਸੀਂ ਕੋਈ ਨਵੇਂ ਨਹੀਂ। ਸਾਨੂੰ ਪਤੈ ਸਰਕਾਰਾਂ ਕਿਵੇਂ ਚਲਦੀਆਂ।’’ ਮਾਨ ਨੇ ਕਿਹਾ ਪੰਜਾਬ ਚੋਣਾਂ ਦੌਰਾਨ ਐਤਕੀਂ ਕਈ ਨੌਜਵਾਨ ਚਿਹਰੇ ਜਿੱਤੇ ਹਨ ਜਦੋਂਕਿ ਕਈ (ਪਾਰਟੀਆਂ ਦੇ) ਮਹਾਰਥੀਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਮਾਨ ਨੇ ਕਿਹਾ, ‘‘ਨਵੇਂ ਤੇ ਲੀਕ ਤੋਂ ਹਟਵੇਂ ਵਿਚਾਰ ਆਉਣਗੇ ਤੇ ਪੰਜਾਬ ਮੁੜ ਪੰਜਾਬ ਬਣੇਗਾ।’’ ਸਰਕਾਰ ਚਲਾਉਣ ਲਈ ਦਿੱਲੀ ਤੋਂ ਕੋਈ ਹਦਾਇਤਾਂ ਆਉਣ ਬਾਰੇ ਪੁੱਛਿਆ ਤਾਂ ਮਾਨ ਨੇ ਕਿਹਾ, ‘‘ਅਸੀਂ ਦਿੱਲੀ ਤੋਂ ਸੇਧਾਂ ਲਵਾਂਗੇ ਤੇ ਦਿੱਲੀ ਸਾਡੇ(ਪੰਜਾਬ) ਕੋਲੋਂ ਲਏਗਾ। ਅਸੀਂ ਮੱਧ ਪ੍ਰਦੇਸ਼, ਤਾਮਿਲ ਨਾਡੂ ਤੇ ਪੱਛਮੀ ਬੰਗਾਲ ਕੋਲੋਂ ਚੰਗੀਆਂ ਚੀਜ਼ਾਂ ਸਿੱਖਾਂਗੇ। ਭਗਤ ਸਿੰਘ ਪੰਜਾਬ, ਚੰਦਰ ਸ਼ੇਖਰ ਆਜ਼ਾਦ ਤੇ ਅਸ਼ਫ਼ਾਕਉੱਲ੍ਹਾ ਖ਼ਾਨ ਯੂਪੀ ਤੋਂ ਅਤੇ ਸੁਭਾਸ਼ ਚੰਦਰ ਬੋਸ ਬੰਗਾਲ ਤੋਂ ਸਨ। ਉਨ੍ਹਾਂ ਦਾ ਟੀਚਾ ਦੇਸ਼ ਨੂੰ ਮਜ਼ਬੂਤ ਕਰਨਾ ਸੀ। ਸਾਡਾ ਵੀ ਇਹੀ ਟੀਚਾ ਹੋਵੇਗਾ।’’
  ਖਾਸ ਖਬਰਾਂ