View Details << Back

ਅਕਾਲੀ ਦਲ ਨੂੰ ਸੁਖਬੀਰ ਬਾਦਲ ਦੀ ਮਜ਼ਬੂਤ ਤੇ ਦੂਰਅੰਦੇਸ਼ੀ ਸੋਚ ਵਾਲੀ ਲੀਡਰਸ਼ਿਪ ’ਤੇ ਮਾਣ : ਕੋਰ ਕਮੇਟੀ

  ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਨੇ ਅੱਜ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦ੍ਰਿੜ੍ਹ ਅਤੇ ਦੂਰਅੰਦੇਸ਼ੀ ਸੋਚ ਵਾਲੀ ਲੀਡਰਸ਼ਿਪ ’ਤੇ ਪੂਰਨ ਭਰੋਸਾ ਪ੍ਰਗਟ ਕੀਤਾ। ਕੋਰ ਕਮੇਟੀ ਮੀਟਿੰਗ ’ਚ ਪਾਸ ਕੀਤੇ ਗਏ ਮਤੇ ਵਿਚ ਕਿਹਾ ਗਿਆ ਕਿ ਕੋਰ ਕਮੇਟੀ ਨੂੰ ਪਾਰਟੀ ਪ੍ਰਧਾਨ ਦੀ ਦਲੇਰੀ, ਨਿਰਸਵਾਰਥ ਅਤੇ ਅਣਥੱਕ ਤਰੀਕੇ ਨਾਲ ਮਿਹਨਤ ਕਰਨ ’ਤੇ ਮਾਣ ਹੈ, ਜਿਸ ਸਦਕਾ ਪਾਰਟੀ ਪ੍ਰਧਾਨ ਨੇ ਪੰਜਾਬ ਵਿਧਾਨ ਸਭਾ ਲਈ ਹਾਲ ਹੀ ਵਿਚ ਖਤਮ ਹੋਈਆਂ ਚੋਣਾਂ ਲਈ ਛੇ ਮਹੀਨੇ ਲੰਬੀ ਮੁਹਿੰਮ ’ਚ ਸਹੀ ਅਰਥਾਂ ਵਿਚ ਪੰਥਕ ਰਵਾਇਤਾਂ ਮੁਤਾਬਕ ਪਾਰਟੀ ਦੀ ਅਗਵਾਈ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਹਿੱਤਾਂ ਦੀ ਰਾਖੀ ਅਤੇ ਖਾਲਸਾ ਪੰਥ ਦੀਆਂ ਮਾਣ ਮੱਤੀਆਂ ਰਵਾਇਤਾਂ ਤੇ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਵਾਸਤੇ ਆਪਣਾ ਸੰਘਰਸ਼ ਜਾਰੀ ਰੱਖੇਗੀ।
ਪਾਰਟੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਬੀ. ਬੀ. ਐੱਮ. ਬੀ. ਅਤੇ ਚੰਡੀਗੜ੍ਹ ਪ੍ਰਸ਼ਾਸਨ ਵਿਚ ਪੰਜਾਬ ਦੇ ਵਾਜਬ ਹੱਕਾਂ ਵਿਚ ਦਖਲਅੰਦਾਜ਼ੀ ਨਾ ਕਰੇ, ਜਦੋਂ ਤੱਕ ਇਹ ਸ਼ਹਿਰ ਸੰਸਦ ਅਤੇ ਸਾਡੇ ਚਾਰ ਵੱਖ-ਵੱਖ ਪ੍ਰਧਾਨ ਮੰਤਰੀਆਂ ਦੇ ਵਾਅਦੇ ਮੁਤਾਬਕ ਪੰਜਾਬ ਨੂੰ ਨਹੀਂ ਦੇ ਦਿੱਤਾ ਜਾਂਦਾ। ਅੱਜ ਦੀ ਮੀਟਿੰਗ ਦੀ ਸ਼ੁਰੂਆਤ ਪਵਿੱਤਰ ਮੂਲ ਮੰਤਰ ਨਾਲ ਹੋਈ, ਜਿਸ ਮਗਰੋਂ ਹਾਲ ਹੀ ’ਚ ਖ਼ਤਮ ਹੋਈਆਂ ਪੰਜਾਬ ਚੋਣਾਂ ’ਚ ਪੰਜਾਬ ਦੇ ਲੋਕਾਂ ਦੇ ਫ਼ਤਵੇ ਅੱਗੇ ਸੀਸ ਨਿਵਾਇਆ ਗਿਆ। ਮੀਟਿੰਗ ਦੀ ਪ੍ਰਧਾਨਗੀ ਪਾਰਟੀ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ। ਪਾਰਟੀ ਨੇ ਕਿਹਾ ਕਿ ਉਸ ਨੂੰ ਇਸ ਸਾਰੀ ਮੁਹਿੰਮ ਦੌਰਾਨ ਪਾਰਟੀ ਦੇ ਆਗੂਆਂ, ਉਮੀਦਵਾਰਾਂ ਤੇ ਵਰਕਰਾਂ ਵੱਲੋਂ ਕੀਤੀ ਅਣਥੱਕ ਮਿਹਨਤ ’ਤੇ ਮਾਣ ਹੈ। ਇਕ ਹੋਰ ਮਤੇ ਰਾਹੀਂ ਮੀਟਿੰਗ ’ਚ ਉਨ੍ਹਾਂ ਲੱਖਾਂ ਪੰਜਾਬੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਉਸ ਦੇ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਪਾ ਕੇ ਪਾਰਟੀ ’ਤੇ ਵਿਸ਼ਵਾਸ ਪ੍ਰਗਟ ਕੀਤਾ।
  ਖਾਸ ਖਬਰਾਂ