View Details << Back

ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦੀ ਵੱਡੀ ਹਾਰ ਤੋਂ ਬਾਅਦ ਪਾਰਟੀ ’ਚ ਉੱਠੀ ਬਗਾਵਤ

  ਅਕਾਲੀ ਦਲ ਦੀ ਹੋਈ ਵੱਡੀ ਹਾਰ ਤੋਂ ਬਾਅਦ ਪਾਰਟੀ ’ਚ ਬਗਾਵਤ ਵੀ ਸ਼ੁਰੂ ਹੋ ਗਈ ਹੈ। ਟੌਹੜਾ ਪਰਿਵਾਰ ਦੇ ਵਾਰਿਸ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤਰੇ ਅਤੇ ਯੂਥ ਅਕਾਲੀ ਦਲ ਬਾਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਹਰਿੰਦਰਪਾਲ ਸਿੰਘ ਟੌਹੜਾ ਨੇ ਅਕਾਲੀ ਦਲ ਦੀ ਨਮੋਸ਼ੀਜਨਕ ਹਾਰ ਤੋਂ ਬਾਅਦ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਤੁਰੰਤ ਅਸਤੀਫ਼ਾ ਮੰਗ ਲਿਆ ਹੈ। ਹਰਿੰਦਰਪਾਲ ਟੌਹੜਾ ਨੇ ਪਾਰਟੀ ਦੀ ਹਾਰ ਲਈ ਸ. ਬਾਦਲ ਦੇ ਆਪਹੁਦਰੇਪਣ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮੰਗ ਕੀਤੀ ਕਿ ਬਾਦਲ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣ।
ਟੌਹੜਾ ਨੇ ਕਿਹਾ ਕਿ ਬਾਦਲ ਦੀ ਅਗਵਾਈ ’ਚ ਇਹ ਪਾਰਟੀ ਦੀ ਸਭ ਤੋਂ ਨਮੋਸ਼ੀਜਨਕ ਅਤੇ ਲਗਾਤਾਰ ਦੂਜੀ ਹਾਰ ਹੈ ਅਤੇ ਪੰਜਾਬ ਨੇ ਬਾਦਲ ਪਰਿਵਾਰ ਦੀ ਅਗਵਾਈ ਕਬੂਲਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਸੁਖਬੀਰ ਬਾਦਲ ਨੂੰ ਹੁਣ ਪ੍ਰਧਾਨ ਦੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਟੌਹੜਾ ਨੇ ਦੋਸ਼ ਲਾਇਆ ਕਿ ਬਾਦਲ ਪਰਵਾਰ ਦੀ ਪਾਰਟੀ ’ਤੇ ਕਬਜ਼ਾ ਜਮਾਉਣ ਅਤੇ ਪੰਥ ਅਤੇ ਪੰਜਾਬ ਨਾਲੋਂ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦੇਣ ਦੀ ਨੀਤੀ ਨੇ ਉਸ ਪਾਰਟੀ ਨੂੰ ਹਾਸ਼ੀਏ ’ਤੇ ਪਹੁੰਚਾ ਦਿੱਤਾ ਹੈ, ਜਿਸ ਨੂੰ ਅਨੇਕਾਂ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਖੜ੍ਹਾ ਕੀਤਾ ਸੀ। ਇਸ ਦੇ ਨਾਲ ਹੀ ਟੌਹੜਾ ਨੇ ਪੰਥਕ ਸਿਆਸਤ ਪ੍ਰਤੀ ਚਿੰਤਾ ਵਿਅਕਤ ਕਰਦਿਆਂ ਸਮੁੱਚੀ ਪੰਥਕ ਅਤੇ ਪੰਜਾਬ ਹਿਤੈਸ਼ੀ ਲੀਡਰਸ਼ਿਪ, ਬੁੱਧੀਜੀਵੀਆਂ ਅਤੇ ਚਿੰਤਕਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਗਿਲੇ-ਸ਼ਿਕਵੇ ਭੁਲਾ ਕੇ ਭਵਿੱਖ ਦੀ ਸਿਆਸੀ ਰੂਪ-ਰੇਖਾ ਉਲੀਕਣ ਲਈ ਇਕਜੁੱਟ ਹੋਣ।
  ਖਾਸ ਖਬਰਾਂ